''ਜੰਗਲੀ ਅੱਗ ਕਾਰਨ ਹੋਏ ਨੁਕਸਾਨ ਨੂੰ ਭਰਨ ''ਚ ਲੱਗ ਸਕਦੇ ਨੇ 100 ਸਾਲ''

01/20/2020 2:22:11 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਜੋ ਨੁਕਸਾਨ ਕੀਤਾ ਹੈ ਉਸ ਨੂੰ ਭਰਨ ਲਈ ਲਗਭਗ 100 ਸਾਲ ਦਾ ਸਮਾਂ ਲੱਗ ਜਾਵੇਗਾ। ਜੰਗਲਾਂ 'ਚ ਮਹੀਨਿਆਂ ਤੋਂ ਲੱਗੀ ਅੱਗ 'ਤੇ ਹੁਣ ਕਾਬੂ ਪਾਇਆ ਗਿਆ ਹੈ। ਇਸ 'ਚ ਮੀਂਹ ਦਾ ਵੀ ਯੋਗਦਾਨ ਰਿਹਾ ਹੈ ਪਰ ਫਾਇਰ ਫਾਈਟਰਜ਼ ਦੀ ਮਿਹਨਤ ਨੂੰ ਨਕਾਰਿਆ ਨਹੀਂ ਜਾ ਸਕਦਾ।
ਅੱਗ 'ਚ ਲਗਭਗ ਇਕ ਅਰਬ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਮੁਤਾਬਕ ਜੰਗਲਾਂ 'ਚ 3 ਪ੍ਰਜਾਤੀਆਂ ਬਿਲਕੁਲ ਖਤਮ ਹੋ ਚੁੱਕੀਆਂ ਹਨ ਜਿਵੇਂ ਦੱਖਣੀ ਡੱਡੂ, ਰੀਜੇਂਟ ਹਨੀਟਰ ਪੰਛੀ ਅਤੇ ਪੱਛਮੀ ਜ਼ਮੀਨ ਤੋਤਾ। ਕਈ ਜਾਨਵਰ ਜਿਵੇਂ ਕੋਆਲਾ ਤੇ ਵੱਖਰੀ ਕਿਸਮ ਦੇ ਕੰਗਾਰੂਆਂ ਦੀ ਆਬਾਦੀ ਵੀ ਬਹੁਤ ਘੱਟ ਰਹਿ ਗਈ ਹੈ।

ਕਰੋੜਾਂ ਦੀ ਜਾਇਦਾਦ ਬਣੀ ਸਵਾਹ—
ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਕਈ ਕਰੋੜ ਰੁਪਏ ਦੀ ਜਾਇਦਾਦ ਵੀ ਸਵਾਹ ਕਰ ਦਿੱਤੀ ਹੈ। ਅੱਗ ਕਾਰਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਸ਼ਾਨਦਾਰ ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਅੱਗ ਅਤੇ ਇਸ 'ਚੋਂ ਨਿਕਲਣ ਵਾਲੇ ਧੂੰਏਂ ਦੀਆਂ ਤਸਵੀਰਾਂ ਨਾਸਾ ਨੇ ਵੀ ਲਈਆਂ। ਅੱਗ ਦਾ ਧੂੰਆਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਕਰਕੇ ਨਿਊਜ਼ੀਲੈਂਡ ਤੇ ਹੋਰ ਕਈ ਦੇਸ਼ਾਂ 'ਚ ਪੁੱਜ ਗਿਆ ਸੀ।  
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਅੱਗ ਕਾਰਨ ਹੋਏ ਨੁਕਸਾਨ 'ਚੋਂ ਉਭਰਨ ਲਈ ਆਸਟ੍ਰੇਲੀਆ ਨੂੰ ਇਕ ਸਦੀ ਲੱਗ ਜਾਵੇਗੀ। ਆਸਟ੍ਰੇਲੀਆ ਫਾਇਰ ਮੁਖੀ ਮਿਕ ਕਲਾਰਕ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਉਸ ਕਾਰਨ ਕਈ ਖੇਤਰਾਂ 'ਚੋਂ ਹਰਿਆਲੀ ਗਾਇਬ ਹੋ ਚੁੱਕੀ ਹੈ ਅਤੇ ਹਰ ਪਾਸੇ ਸਵਾਹ ਹੀ ਨਜ਼ਰ ਆ ਰਹੀ ਹੈ। ਮੀਂਹ ਮਗਰੋਂ ਨਦੀਆਂ, ਡੈਮਾਂ 'ਚ ਵੀ ਸਵਾਹ ਭਰ ਗਈ ਹੈ।