US ''ਚ ਵਿਦੇਸ਼ੀ ਵਿਦਿਆਰਥੀਆਂ, ਖੋਜ ਕਰਤਾਵਾਂ ਤੇ ਪੱਤਰਕਾਰਾਂ ਦੇ ਵੀਜ਼ਾ ਲਈ ਸਮੇਂ ਸੀਮਾ ਦਾ ਪ੍ਰਸਤਾਵ ਪੇਸ਼

09/25/2020 11:39:13 AM

ਵਾਸ਼ਿੰਗਟਨ (ਭਾਸ਼ਾ): ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ, ਖੋਜ ਕਰਤਾਵਾਂ ਅਤੇ ਪੱਤਰਕਾਰਾਂ ਦੇ ਵੀਜ਼ਾ ਦੇ ਲਈ ਇਕ ਨਿਰਧਾਰਤ ਸਮੇਂ ਸੀਮਾ ਦਾ ਵੀਰਵਾਰ ਨੂੰ ਪ੍ਰਸਤਾਵ ਕੀਤਾ। ਉਹਨਾਂ ਨੇ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਉਹ ਮੌਜੂਦਾ ਵੀਜ਼ਾ ਪ੍ਰੋਗਰਾਮ ਦੇ ਦੁਰਵਰਤੋਂ ਕਾਰਨ ਚਿੰਤਤ ਹਨ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਵਧਣ ਦਾ ਖਦਸ਼ਾ ਹੈ। ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ 'ਫੈਡਰਲ ਰਜਿਸਟਰ' ਵਿਚ ਸੂਚਿਤ ਕੀਤਾ ਜਾਵੇਗਾ। ਭਾਵੇਂਕਿ ਇਸ ਪ੍ਰਸਤਾਵ ਵਿਚ ਕਿਸੇ ਇਕ ਦੇਸ਼ ਦੇ ਨਾਮ ਦਾ ਜ਼ਿਕਰ ਨਹੀਂ ਹੈ ਪਰ ਇਸ ਨੂੰ ਪ੍ਰਣਾਲੀ ਵਿਚ ਮੌਜੂਦਾ ਕਮੀਆਂ ਦੀ 'ਚੀਨ ਵੱਲੋਂ ਦੁਰਵਰਤੋਂ ਕੀਤੇ ਜਾਣ' ਦੇ ਮੱਦੇਨਜ਼ਰ ਲਿਆਂਦਾ ਗਿਆ ਹੈ।

ਵਿਦੇਸ਼ੀ ਵਿਦਿਆਰਥੀਆਂ, ਖੋਜ ਕਰਤਾਵਾਂ ਅਤੇ ਪੱਤਰਕਾਰਾਂ ਦੀਆਂ ਵੀਜ਼ਾ ਸ਼੍ਰੇਣੀਆਂ ਵਿਚ ਸਭ ਤੋਂ ਵੱਧ ਲਾਭ ਚੀਨ ਨੂੰ ਹੀ ਹੋਇਆ ਹੈ। ਪ੍ਰਸਤਾਵਿਤ ਨਿਯਮ ਦੇ ਤਹਿਤ 'ਐੱਫ' (ਵਿਦਿਆਰਥੀ ਵੀਜ਼ਾ) ਜਾਂ 'ਜੇ' (ਖੋਜ ਕਰਤਾ ਵੀਜ਼ਾ) ਗੈਰ ਪ੍ਰਵਾਸੀਆਂ ਨੂੰ ਉਹਨਾਂ ਦਾ ਪ੍ਰੋਗਰਾਮ ਖਤਮ ਹੋਣ ਦੀ ਆਖਰੀ ਤਾਰੀਖ਼ ਤੱਕ ਦੇ ਲਈ ਅਮਰੀਕਾ ਵਿਚ ਦਾਖਲ ਹੋਣ ਦਿੱਤਾ ਜਾਵੇਗਾ ਅਤੇ ਇਸ ਦੀ ਵੱਧ ਤੋਂ ਵੱਧ ਮਿਆਦ 4 ਸਾਲ ਹੋਵੇਗੀ। ਅਮਰੀਕੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਿਹੜੇ ਦੇਸ਼ਾਂ ਦੇ ਨਾਗਰਿਕਾਂ ਦੇ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਅਦ ਵੀ ਅਮਰੀਕਾ ਵਿਚ ਰਹਿਣ ਦੀ ਦਰ ਵੱਧ ਹੈ, ਉਹਨਾਂ ਦੇ ਨਾਗਰਿਕਾਂ ਨੂੰ 2 ਸਾਲ ਦੀ ਤੈਅ ਮਿਆਦ ਦੇ ਲਈ ਹੀ ਰਹਿਣ ਦੀ ਇਜਾਜ਼ਤ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੂੰ ਅੱਤਵਾਦੀ ਸੰਗਠਨਾਂ 'ਤੇ ਵੱਧ ਦਬਾਅ ਪਾਉਣ ਦੀ ਲੋੜ : ਅਮਰੀਕੀ ਡਿਪਲੋਮੈਟ

ਮੰਤਰਾਲੇ ਨੇ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਅੱਤਵਾਦ ਦਾ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਦੇਸ਼ ਵਿਚ ਪੈਦਾ ਹੋਇਆ ਹੈ ਜਾਂ ਉਸ ਦੇ ਕੋਲ ਅਜਿਹੇ ਕਿਸੇ ਦੇਸ਼ ਦੀ ਨਾਗਰਿਕਤਾ ਹੈ ਤਾਂ ਅਜਿਹੀ ਸਥਿਤੀ ਵਿਚ ਉਸ ਦੇ ਅਮਰੀਕਾ ਵਿਚ ਠਹਿਰਣ ਦੀ ਮਿਆਦ ਵੱਧ ਤੋਂ ਵੱਧ 2 ਸਾਲ ਦੇ ਲਈ ਸੀਮਤ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਮੰਤਰਾਲੇ ਨੇ 'ਆਈ' ਗੈਰ ਪ੍ਰਵਾਸੀਆਂ (ਵਿਦੇਸ਼ੀ ਪੱਤਰਕਾਰਾਂ) ਦੇ ਲਈ 240 ਦਿਨ ਦੀ ਸਮੇਂ ਸੀਮਾ ਤੈਅ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨੂੰ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਹੋਰ 240 ਦਿਨਾਂ ਦੇ ਲਈ ਵਧਾਇਆ ਜਾ ਸਕਦਾ ਹੈ। 

ਇਸ ਸਮੇਂ 'ਆਈ' ਵੀਜ਼ਾ 'ਤੇ ਕਈ ਵਿਦੇਸ਼ੀ ਪੱਤਰਕਾਰ ਅਮਰੀਕਾ ਵਿਚ ਦਹਾਕਿਆਂ ਤੋਂ ਰਹਿ ਰਹੇ ਹਨ। ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਲਈ ਹੁਣ ਮੌਜੂਦਾ 60 ਦਿਨ ਦੀ ਬਜਾਏ 30 ਦਿਨ ਮਿਲਣਗੇ। ਹਿੱਤਧਾਰਕਾਂ ਨੂੰ ਇਸ ਨੋਟੀਫਿਕੇਸ਼ਨ ਦਾ ਜਵਾਬ ਦੇਣ ਦੇ ਲਈ 30 ਦਿਨ ਦਾ ਸਮਾਂ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ, ਖੋਜ ਕਰਤਾਵਾਂ ਨੂੰ ਮੀਡੀਆ ਕਰਮੀਆਂ ਦੀ ਗਿਣਤੀ ਵਧਣ ਦੇ ਕਾਰਨ ਉਸ ਦੇ ਲਈ ਉਹਨਾਂ ਦੀ ਨਿਗਰਾਨੀ ਕਰਨਾ ਮੁਸ਼ਕਲ ਹੋ ਗਿਆ ਹੈ।

Vandana

This news is Content Editor Vandana