ਜਾਪਾਨ ''ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ

07/05/2020 10:56:58 AM

ਟੋਕੀਓ- ਜਾਪਾਨ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਐੱਨ. ਐੱਚ. ਕੇ. ਬ੍ਰਾਡਕਾਸਟਰ ਨੇ ਐਤਵਾਰ ਨੂੰ ਦੱਸਿਆ ਕਿ ਅੱਜ ਸਵੇਰ ਤੱਕ ਜਾਪਾਨੀ ਸਿਹਤ ਅਧਿਕਾਰੀਆਂ ਨੇ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 

ਇਸ ਦੇ ਇਲਾਵਾ 14 ਹੋਰ ਮੌਤਾਂ ਦੀ ਅਧਿਕਾਰਕ ਪੁਸ਼ਟੀ ਹੋਣੀ ਅਜੇ ਬਾਕੀ ਹੈ। ਬਚਾਅ ਕਰਮਚਾਰੀਆਂ ਨੂੰ ਕੁਮਾ ਨਦੀ ਵਿਚ ਆਏ ਭਿਆਨਕ ਹੜ੍ਹ ਵਿਚਕਾਰ ਸ਼ਨੀਵਾਰ ਨੂੰ ਜਾਪਾਨ ਦੇ ਕੁਮਾਮੋਤੋ ਸੂਬੇ ਦੇ ਕੁਮਾ ਵਿਚ ਇਕ ਨਰਸਿੰਗ ਹੋਮ ਵਿਚ 14 ਅਜਿਹੇ ਲੋਕ ਮਿਲੇ, ਜਿਨ੍ਹਾਂ ਵਿਚ ਜ਼ਿੰਦਗੀ ਦੇ ਕੋਈ ਲੱਛਣ ਨਹੀਂ ਸਨ। 

ਇਸ ਦੇ ਇਲਾਵਾ ਇਕ ਵਿਅਕਤੀ ਨੂੰ ਜ਼ਮੀਨ ਖਿਸਕਣ ਮਗਰੋਂ ਮਲਬੇ ਵਿਚੋਂ ਕੱਢਿਆ ਗਿਆ। ਜਾਪਾਨ ਦੇ ਕੁਮਾਮੋਤੋ ਅਤੇ ਕਾਗੋਸ਼ਿਮਾ ਸੂਬੇ ਵਿਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਖੇਤਰ ਦੇ 2 ਲੱਖ ਤੋਂ ਵਧੇਰੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। 

ਜਾਪਾਨ ਦੀ ਮੌਸਮ ਏਜੰਸੀ ਨੇ ਸ਼ਨੀਵਾਰ ਨੂੰ ਕੁਮਾਮੋਤੋ ਅਤੇ ਕਾਗੋਸ਼ਿਮਾ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਹੋਣ ਨੂੰ ਲੈ ਕੇ ਅਲਰਟ ਕੀਤਾ ਸੀ। ਸ਼ਨੀਵਾਰ ਨੂੰ ਹੜ੍ਹ ਵਿਚ 10 ਲੋਕ ਲਾਪਤਾ ਹਨ ਅਤੇ ਜ਼ਮੀਨ ਖਿਸਕਣ ਵਾਲੇ ਸਥਾਨ ਤੋਂ ਦੋ ਲੋਕ ਗੰਭੀਰ ਹਾਲਤ ਵਿਚ ਪਾਏ ਗਏ ਹਨ। ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਰਾਹਤ ਕਾਰਜਾਂ ਵਿਚ ਜੁਟੇ ਸਥਾਨਕ ਬਚਾਅ ਕਰਮਚਾਰੀਆਂ ਦੀ ਮਦਦ ਲਈ ਫੌਜ ਦੇ 10 ਹਜ਼ਾਰ ਜਵਾਨ ਭੇਜੇ ਹਨ। 

Lalita Mam

This news is Content Editor Lalita Mam