ਬ੍ਰੈਂਟਫੋਰਡ 'ਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਪੀ.ਐੱਮ. ਟਰੂਡੋ ਨੇ ਦਿੱਤਾ ਸੁਨੇਹਾ

02/22/2018 3:20:02 AM

ਟੋਰਾਂਟੋ— ਬੁੱਧਵਾਰ ਨੂੰ ਬ੍ਰੈਂਟਫੋਰਡ ਸ਼ਹਿਰ 'ਚ ਬਰਫ ਪਿਘਲਣ ਕਾਰਨ ਹੜ੍ਹ ਆ ਗਿਆ, ਜਿਸ ਕਾਰਨ ਉਥੇ ਦੇ ਨਿਵਾਸੀਆਂ ਨੂੰ ਘਰਾਂ 'ਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਹੜ੍ਹ ਦੇ ਮੱਦੇਨਜ਼ਰ ਬ੍ਰੈਂਟਫੋਰਡ 'ਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬਚਾਅ ਅਥਾਰਟੀ ਨੇ ਕਿਹਾ, 'ਜਦੋਂ ਬਰਫ ਪਿਘਲਦੀ ਹੈ ਤਾਂ ਉਹ ਪਾਣੀ ਨੂੰ ਹੇਠਾਂ ਵੱਲ ਧੱਕ ਦਿੰਦੀ ਹੈ, ਜਿਸ ਕਰਨ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤੇ ਇਹ ਹੜ੍ਹ ਦਾ ਰੂਪ ਧਾਰ ਲੈਂਦੀ ਹੈ।''

ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਸਵੇਰੇ ਬ੍ਰੈਂਟਫੋਰਡ ਦੇ ਤਿੰਨ ਗੁਆਂਢੀ ਇਲਾਕੇ, ਹੋਲਮਡੇਲ, ਓਲਡ ਵੈਸਟ ਬ੍ਰੈਂਟ ਤੇ ਈਗਲ ਪਲੇਸ 'ਚ ਰਹਿੰਦੇ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕਰ ਤੁਰੰਤ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ। ਇਸ ਹੜ੍ਹ ਕਾਰਨ ਬ੍ਰੈਂਟਫੋਰਡ ਦੇ ਲੋਕਾਂ ਦਾ ਜੀਵਨ ਉਥਲ ਪੁਥਲ ਹੋ ਗਿਆ, ਜਿਸ ਕਾਰਨ 4,900 ਦੇ ਕਰੀਬ ਲੋਕ ਤੇ 2000 ਤੋਂ ਜ਼ਿਆਦਾ ਘਰ ਪ੍ਰਭਾਵਿਤ ਹੋਏ ਹਨ, ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਬ੍ਰੈਂਟਫੋਰਡ ਸ਼ਹਿਰ ਦੇ ਮੇਅਰ ਕ੍ਰਿਸ ਫਰੀਲ ਨੇ ਕਿਹਾ ਕਿ ਦਰਿਆ ਦੇ ਨੇੜਲੇ ਇਲਾਕੇ ਇਸ ਹੜ੍ਹ ਕਾਰਨ ਕਾਫੀ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਸ਼ਹਿਰ ਦੇ ਕਾਰੋਬਾਰ ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੜਕਾਂ ਤੇ ਪੁਲ ਬੰਦ ਹੋ ਗਏ ਹਨ। ਮੇਅਰ ਨੇ ਕਿਹਾ ਕਿ ਓਨਟਾਰੀਓ ਸਰਕਾਰ ਆਪਣੇ ਭਾਈਚਾਰੇ ਨਾਲ ਸੰਪਰਕ 'ਚ ਹੈ ਤੇ ਬਚਾਅ ਦਲ ਨੂੰ ਮਦਦ ਲਈ ਭੇਜ ਦਿੱਤਾ ਗਿਆ ਹੈ।

ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਕਿ ਭਾਰਤ ਦੌਰੇ 'ਤੇ ਹਨ, ਉਨ੍ਹਾਂ ਨੇ ਬ੍ਰੈਂਟਫੋਰਡ 'ਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਟਵੀਟ ਕਰ ਲੋਕਾਂ ਨੂੰ ਕਿਹਾ ਕਿ, ''ਉਨ੍ਹਾਂ ਦੇ ਵਿਚਾਰ ਹੜ੍ਹ ਕਾਰਨ ਪ੍ਰਭਾਵਿਤ ਹਰੇਕ ਵਿਅਕਤੀ ਨਾਲ ਹੈ, ਸੁਰੱਖਿਅਤ ਰਹੋ ਤੇ ਸਥਾਨਕ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾਂ ਕਰੋ।''