ਵੀਅਤਨਾਮ ''ਚ ਤਬਾਹੀ, 23 ਹਜ਼ਾਰ ਘਰ ਰੁੜ੍ਹੇ ਤੇ 5 ਮੌਤਾਂ

12/12/2018 12:58:30 PM

ਹੁਨੋਈ(ਏਜੰਸੀ)— ਵੀਅਤਨਾਮ 'ਚ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 4 ਲਾਪਤਾ ਹਨ। ਹੜ੍ਹ ਕਾਰਨ ਕੁਆਂਗ ਟਰਾਈ, ਥੁਆ ਥੀਨ ਹੁਏ, ਕੁਆਂਗ ਨਾਮ, ਕੁਆਂਗ ਨਗਾਇ ਅਤੇ ਬਿਨਹ ਦਿਨਹ 5 ਸੂਬਿਆਂ 'ਚ ਬਰਬਾਦੀ ਦਾ ਮੰਜ਼ਰ ਦੇਖਿਆ ਜਾ ਸਕਦਾ ਹੈ। ਇਸ ਕਾਰਨ 23,100 ਘਰ , ਕਈ ਪੋਲਟਰੀ ਫਾਰਮ ਰੁੜ੍ਹ ਗਏ। ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਅਤੇ ਲਗਭਗ 61,800 ਪਸ਼ੂ ਮਾਰੇ ਗਏ। ਬਹੁਤ ਸਾਰੀਆਂ ਸੜਕਾਂ ਰੁੜ੍ਹ ਗਈਆਂ ਅਤੇ ਕਈ ਰਸਤੇ ਬੰਦ ਹੋ ਗਏ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਵੀਅਤਨਾਮ ਦੇ 5 ਸੂਬਿਆਂ 'ਚ 9 ਲੋਕ ਹੜ੍ਹ 'ਚ ਰੁੜ੍ਹ ਗਏ, ਜਿਨ੍ਹਾਂ 'ਚੋਂ 5 ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ ਬਾਕੀ ਲਾਪਤਾ 4 ਲੋਕਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।
ਤੁਹਾਨੂੰ ਦੱਸ ਦਈਏ ਕਿ ਵੀਅਤਨਾਮ ਕੁਦਰਤੀ ਆਫਤਾਂ ਨਾਲ ਘਿਰਿਆ ਰਹਿੰਦਾ ਹੈ ਅਤੇ ਇੱਥੇ ਤੂਫਾਨ, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਇਸ ਸਾਲ 189 ਲੋਕ ਲਾਪਤਾ ਹੋਏ ਅਤੇ 140 ਤੋਂ ਵਧੇਰੇ ਜ਼ਖਮੀ ਹੋਏ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਇਸ ਸਮੇਂ ਵੱਡੀ ਕੁਦਰਤੀ ਆਫਤ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।