ਹੜ੍ਹ ਪੀੜਤਾਂ ਲਈ ''ਪਨਵੈਕ ਗਰੁੱਪ ਆਸਟਰੇਲੀਆ ''ਵੱਲੋਂ 11,000 ਡਾਲਰ ਦੀ ਰਾਸ਼ੀ ਭੇਟ

09/11/2019 10:18:03 AM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਪੰਜਾਬ 'ਤੇ ਜਦੋਂ ਵੀ ਕਿਸੇ ਕਿਸਮ ਦੀ ਭੀੜ ਬਣੀ ਹੈ ਤਾਂ ਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਸਹਾਇਤਾ ਕਰਨ ਵਿੱਚ ਪਹਿਲ ਕਦਮੀ ਵਿਖਾਈ ਹੈ । ਬੀਤੇ ਦਿਨੀਂ ਮੈਲਬੌਰਨ 'ਚ ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ 'ਪਨਵੈਕ ਗਰੁੱਪ ਆਸਟ੍ਰੇਲੀਆ' ਵੱਲੋਂ ਗਿਆਰਾਂ ਹਜ਼ਾਰ ਡਾਲਰ ਦੀ ਰਾਸ਼ੀ ਖ਼ਾਲਸਾ ਏਡ ਨੂੰ ਭੇਂਟ ਕੀਤੀ ਗਈ ਜੋ ਕਿ 'ਖਾਲਸਾ ਏਡ ਇੰਟਰਨੈਸ਼ਨਲ' ਦੇ ਨੁਮਾਇੰਦੇ ਭਾਈ ਹਰਪ੍ਰੀਤ ਸਿੰਘ ਵਲੋਂ ਇਹ ਰਾਸ਼ੀ ਖਾਲਸਾ ਏਡ ਦੇ ਖਾਤੇ ਵਿੱਚ ਪਹੁੰਚਾਈ ਗਈ। ਇਸ ਮੌਕੇ ਪਨਵੈਕ ਗਰੁੱਪ ਆਸਟ੍ਰੇਲੀਆ ਦੇ ਡਾਇਰੈਕਟਰ ਰੁਪਿੰਦਰ ਬਰਾੜ ਅਤੇ ਸਰਬਜੋਤ ਸਿੰਘ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਮੁਸ਼ਕਲ ਘੜੀ ਵਿੱਚ ਉਹ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ।

ਉਨ੍ਹਾਂ ਦੱਸਿਆ ਕਿ ਉਹ ਅਜੇ ਵੀ ਆਪਣੀ ਜਨਮ ਭੂਮੀ ਨਾਲ ਜੁੜੇ ਹੋਏ ਹਨ ਤੇ ਇਸ ਔਖੇ ਸਮੇਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਹੱਥ ਫੜਨਾ ਆਪਣਾ ਫ਼ਰਜ਼ ਸਮਝਦੇ ਹਨ ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਰਾਹਤ ਕਾਰਜਾਂ ਲਈ ਕਾਰਜਸ਼ੀਲ ਹਨ ਪਰ ਖਾਲਸਾ ਏਡ ਲੰਮੇ ਸਮੇਂ ਤੋਂ ਮਾਨਵਤਾ ਦੀ ਸੇਵਾ ਕਰਕੇ ਮੋਹਰੀ ਰੋਲ ਨਿਭਾ ਰਹੀ ਹੈ ।ਇਸ ਮੌਕੇ ਹਾਜ਼ਰ 'ਖਾਲਸਾ ਏਡ ਇੰਟਰਨੈਸ਼ਨਲ' ਦੇ ਨੁਮਾਇੰਦੇ ਭਾਈ ਹਰਪ੍ਰੀਤ ਸਿੰਘ ਨੇ ਇਸ ਰਾਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਦੁਨੀਆਂ ਭਰ ਤੋਂ ਪੰਜਾਬ ਲਈ ਫ਼ਿਕਰਮੰਦ ਪੰਜਾਬੀਆਂ ਵੱਲੋਂ ਖ਼ਾਲਸਾ ਏਡ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇ ਨਾਮ ਤੇ ਕਈ ਫਰਜ਼ੀ ਲੋਕਾਂ ਵੱਲੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿੰਕੂ ਨਾਭਾ ,ਬਲਵਿੰਦਰ ਲਾਲੀ ਤੇ ਕੁਲਬੀਰ ਕੈਮ ਵੀ ਹਾਜ਼ਰ ਸਨ ।