ਮਾਂ-ਬਾਪ ਲੱਭਦੇ ਰਹੇ 5 ਸਾਲਾ ਧੀ, ਕਾਰ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਸਹਿਮ ਗਿਆ ਪਰਿਵਾਰ

12/01/2019 2:37:18 PM

ਸਿਡਨੀ— ਆਸਟ੍ਰੇਲੀਆ 'ਚ ਵਧਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਤੇਜ਼ ਗਰਮੀ ਬੱਚਿਆਂ ਤੇ ਬਜ਼ੁਰਗਾਂ ਲਈ ਖਤਰਨਾਕ ਬਣਦੀ ਜਾ ਰਹੀ ਹੈ। ਨਿਊ ਸਾਊਥ ਵੇਲਜ਼ 'ਚ ਰਹਿਣ ਵਾਲੇ ਇਕ ਪਰਿਵਾਰ ਦੀ 5 ਸਾਲਾ ਬੱਚੀ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਮਝਦੇ ਰਹੇ ਕਿ ਉਨ੍ਹਾਂ ਦੀ ਬੱਚੀ ਪਿਛਲੇ ਵਿਹੜੇ 'ਚ ਖੇਡ ਰਹੀ ਹੋਵੇਗੀ ਪਰ ਉਨ੍ਹਾਂ ਨੂੰ ਉਹ ਨਾ ਮਿਲੀ ਤਾਂ ਉਨ੍ਹਾਂ ਸਾਰੇ ਘਰ 'ਚ ਬੱਚੀ ਨੂੰ ਲੱਭਿਆ ਪਰ ਉਹ ਮਿਲੀ ਨਹੀਂ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਹਮੇਸ਼ਾ ਕਾਰ ਨੂੰ ਲਾਕ ਕਰਕੇ ਚਾਬੀ ਆਪਣੇ ਕੋਲ ਰੱਖਦੇ ਹਨ ਪਰ ਮੰਗਲਵਾਰ ਨੂੰ ਉਹ ਅਜਿਹਾ ਕਰਨਾ ਭੁੱਲ ਗਏ। ਜਦ ਉਹ ਬੱਚੀ ਨੂੰ ਹਰ ਪਾਸੇ ਲੱਭ ਕੇ ਥੱਕ ਗਏ ਤਾਂ ਉਨ੍ਹਾਂ ਦੀ ਨਜ਼ਰ ਕਾਰ ਦੇ ਪਿਛਲੇ ਦਰਵਾਜ਼ੇ 'ਤੇ ਪਈ ਜੋ ਥੋੜਾ ਖੁੱਲ੍ਹਾ ਸੀ। ਜਦ ਉਨ੍ਹਾਂ ਨੇ ਇਸ ਨੂੰ ਖੋਲ੍ਹ ਕੇ ਦੇਖਿਆ ਤਾਂ ਬੱਚੀ ਬੇਹੋਸ਼ੀ ਦੀ ਹਾਲਤ 'ਚ ਮਿਲੀ। ਉਨ੍ਹਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਪਰ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਮੰਗਲਵਾਰ ਨੂੰ ਤਾਪਮਾਨ 35 ਡਿਗਰੀ ਸੈਲਸੀਅਸ ਤਕ ਸੀ ਅਤੇ ਤੇਜ਼ ਗਰਮੀ ਕਾਰਨ ਕਾਰ 'ਚ ਬੰਦ ਰਹਿਣ ਕਾਰਨ ਬੱਚੀ ਬੇਹੋਸ਼ ਹੋ ਗਈ। ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਬੱਚੀ ਕਾਰ 'ਚ ਬੰਦ ਹੋ ਗਈ ਤੇ ਕਿੰਨੇ ਕੁ ਘੰਟੇ ਕਾਰ 'ਚ ਰਹੀ। ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
 

ਜ਼ਿਕਰਯੋਗ ਹੈ ਕਿ ਗਰਮੀ ਕਾਰਨ ਪਿਛਲੇ ਹਫਤੇ ਦੋ ਕੁੜੀਆਂ ਦੀ ਮੌਤ ਵੀ ਗੱਡੀ 'ਚ ਬੰਦ ਰਹਿ ਜਾਣ ਕਾਰਨ ਹੋਈ। ਬ੍ਰਿਸਬੇਨ ਦੇ ਇਕ ਘਰ 'ਚ ਹੀ ਖੜ੍ਹੀ ਗੱਡੀ 'ਚ ਇਕ ਤੇ ਦੋ ਸਾਲਾ ਬੱਚੀਆਂ ਬੰਦ ਹੋ ਗਈਆਂ। ਉਸ ਦਿਨ ਤਾਪਮਾਨ 31 ਡਿਗਰੀ ਸੈਲਸੀਅਸ ਸੀ। ਬੱਚੀਆਂ ਦੀ ਮਾਂ ਦਾ ਕਹਿਣਾ ਸੀ ਕਿ ਉਸ ਨੂੰ ਨੀਂਦ ਆ ਗਈ ਸੀ, ਇਸ ਲਈ ਉਸ ਨੂੰ ਪਤਾ ਨਹੀਂ ਲੱਗਾ ਕਿ ਬੱਚੀਆਂ ਮਰ ਗਈਆਂ। ਉਸ 'ਤੇ ਦੋ ਬੱਚੀਆਂ ਨੂੰ ਮਾਰਨ ਦੇ ਦੋਸ਼ ਲੱਗੇ ਹਨ।