ਇਹ ਹੈ ਸੰਸਾਰ ਦਾ ਪਹਿਲਾ ਸਿੱਖ ਪਾਇਲਟ, 75 ਸਾਲ ਪਹਿਲਾਂ ਆਸਟਰੇਲੀਆ ''ਚ ਹੋਇਆ ਸੀ ਸ਼ਹੀਦ, ਅੱਜ ਤੱਕ ਰਿਹਾ ਅਣਗੌਲਿਆ

03/04/2017 1:36:02 PM

ਪਰਥ— ਆਸਟਰੇਲੀਆ ਦੀ ਧਰਤੀ ਸੰਸਾਰ ਦੇ ਪਹਿਲੇ ਸਿੱਖ ਪਾਇਲਟ ਸਰਦਾਰ ਮਨਮੋਹਣ ਸਿੰਘ ਦੀ ਸ਼ਹਾਦਤ ਦੀ ਉਸ ਵੇਲੇ ਗਵਾਹ ਬਣੀ, ਜਦੋਂ ਆਸਟਰੇਲੀਆ ਦੇ ਬਰੂਮੀ ਖੇਤਰ ''ਚ ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀਆਂ ਦੇ ਹਮਲੇ ''ਚ 3 ਮਾਰਚ 1942 ਨੂੰ ਉਹ ਸ਼ਹਾਦਤ ਦਾ ਜਾਮ ਪੀ ਗਿਆ। ਜਾਪਾਨੀ ਫੌਜਾਂ ਵਲੋਂ ਕੀਤੇ ਗਏ ਹਵਾਈ ਹਮਲੇ ਦਾ ਵੀ ਇੱਕ ਆਪਣਾ ਇਤਿਹਾਸ ਹੈ, ਜਿਸ ''ਚ ਅਣਗਿਣਤ ਮੌਤਾਂ ਹੋਈਆਂ। ਇਸ ਸਿੱਖ ਪਾਇਲਟ ਦੇ ਮਾਮਲੇ ''ਚ ਤ੍ਰਾਸਦੀ ਇਹ ਵੀ ਰਹੀ ਕਿ ਉਹ ਅੱਜ ਤੱਕ ਹੋਰ ਹਜ਼ਾਰਾਂ ਸਿੱਖ ਸ਼ਹੀਦਾਂ ਵਾਂਗ ਅਣਗੌਲਿਆ ਰਿਹਾ, ਜਿਨ੍ਹਾਂ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ ਸੀ। ਇਨ੍ਹਾਂ ''ਚੋਂ ਬਹੁਤੇ ਸ਼ਹੀਦਾਂ ਨੂੰ ਉਨ੍ਹਾਂ ਦੇ ਦੇਸ਼ ਵਾਸੀ ਵੀ ਯਾਦ ਕਰਨਾ ਭੁੱਲ ਗਏ ਹਨ। ਇੱਕ ਅੰਦਾਜ਼ੇ ਮੁਤਾਬਕ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ 83,005 ਸਿੱਖ ਸ਼ਹੀਦ ਹੋਏ ਸਨ। ਉੱਥੇ ਹੀ ਇਨ੍ਹਾਂ ਦੋਹਾਂ ਸੰਸਾਰ ਜੰਗਾਂ ਦੌਰਾਨ 109,045 ਸਿੱਖ ਜ਼ਖ਼ਮੀ ਹੋਏ ਸਨ। 
ਦੁਨੀਆ ਦੇ ਪਹਿਲੇ ਸਿੱਖ ਪਾਇਲਟ ਸਰਦਾਰ ਮਨਮੋਹਣ ਦੀ ਜ਼ਿੰਦਗੀ ਦੇ ਬਾਰੇ ''ਚ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲੇ ਰਾਵਲਪਿੰਡੀ ''ਚ ਸਤੰਬਰ 1906 ''ਚ ਹੋਇਆ ਸੀ। ਮੁੱਢਲੀ ਸਿੱਖਿਆ ਪੰਜਾਬ ''ਚ ਪ੍ਰਾਪਤ ਕਰਨ ਤੋਂ ਬਾਅਦ 17 ਸਾਲ ਦੀ ਉਮਰ ''ਚ ਉਹ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਚਲੇ ਗਏ। ਇੱਥੇ ਹੀ ਉਨ੍ਹਾਂ ਨੇ ਉਡਾਣ ਅਤੇ ਏਅਰੋਨਾਟੀਕਲ ਇੰਜਨੀਅਰਿੰਗ ਦਾ ਦੋ ਸਾਲ ਦਾ ਕੋਰਸ ਕੀਤਾ ਅਤੇ ਇਸ ਦੇ ਆਧਾਰ ''ਤੇ ਪਾਇਲਟ ਚੁਣੇ ਗਏ। ਸਰਦਾਰ ਮਨਮੋਹਣ ਇੱਕ ਮਜ਼ਬੂਤ ਇਰਾਦਿਆਂ ਵਾਲੇ ਇਨਸਾਨ ਸਨ। ਉਨ੍ਹਾਂ ਨੂੰ ਹਵਾਬਾਜ਼ੀ ਦਾ ਕੰਮ ਕਾਫੀ ਪਸੰਦ ਸੀ। 
ਦੂਜੇ ਵਿਸ਼ਵ ਯੁੱਧ ਦੇ ਆਰੰਭ ''ਚ ਉਹ ਬ੍ਰਿਟਿਸ਼ ਭਾਰਤੀ ਹਵਾਈ ਫੌਜ ''ਚ ਭਰਤੀ ਹੋਏ। ਆਪਣੀ ਮਿਹਨਤ ਅਤੇ ਲਗਨ ਨਾਲ ਛੇਤੀ ਉਨ੍ਹਾਂ ਨੇ ਉਡਾਣ ਅਧਿਕਾਰੀ ਦਾ ਅਹੁਦਾ ਹਾਸਲ ਕਰ ਲਿਆ। ਯੁੱਧ ਦੌਰਾਨ ਉਨ੍ਹਾਂ ਨੂੰ ਕਾਟਾਲੀਨਾ ਨਾਮੀ ਲੜਾਕੂ ਜਹਾਜ਼ ਦੀ ਕਮਾਂਡ ਸੌਂਪੀ ਗਈ, ਜਿਹੜਾ ਕਿ ਸਕੁਐਡਰਨ ਨੰਬਰ 205 ''ਚ ਸ਼ਾਮਲ ਸੀ, ਜਿਸ ਨੂੰ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੇ ਆਪਰੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ। ਜਾਪਾਨ ਦੇ ਹਮਲਾਵਰ ਦਸਤੇ ਨੂੰ ਲੱਭਣ ਵਾਲੇ ਆਪਰੇਸ਼ਨ ''ਚ ਜਦੋਂ ਬ੍ਰਿਟਿਸ਼ ਫੌਜ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਤਾਂ ਸਕੁਐਡਰਨ ਨੂੰ ਸਿੰਗਾਪੁਰ ਤੋਂ ਵਾਪਸ ਬੁਲਾ ਕੇ ਜਾਵਾ ''ਚ ਨਿਯੁਕਤ ਕਰ ਦਿੱਤਾ ਗਿਆ। ਜਦੋਂ ਜਾਪਾਨ ਨੇ ਜਾਵਾ ''ਚ ਹਮਲੇ ਤੇਜ਼ ਕਰ ਦਿੱਤੇ ਤਾਂ ਉੱਥੋਂ ਸਰਦਾਰ ਮਨਮੋਹਣ ਸਿੰਘ ਦਾ ਹਵਾਈ ਦਸਤਾ ਟਾਪੂ ਦੇ ਦੱਖਣ ਵੱਲ ਚਲਾ ਗਿਆ। ਇੱਥੋਂ ਇਹ ਅਖ਼ੀਰ ਆਸਟਰੇਲੀਆ ਪਹੁੰਚਿਆ। ਇਹ ਦਸਤਾ ਬਰੂਮੀ ''ਚ 3 ਮਾਰਚ 1942 ਦੀ ਸਵੇਰ ਨੂੰ 9.50 ਵਜੇ ਪਹੁੰਚਿਆ। ਇਸ ਦੌਰਾਨ ਜਾਪਾਨ ਵਲੋਂ ਜ਼ੋਰਦਾਰ ਹਮਲਾ ਕੀਤਾ ਗਿਆ, ਜਿਸ ''ਚ ਸਿੱਖ ਪਾਇਲਟ ਮਨਮੋਹਣ ਸਿੰਘ ਦੇ ਨਾਲ ਹੋਰ ਬਹੁਤ ਸਾਰੇ ਲੜਾਕੇ ਵੀ ਮਾਰੇ ਗਏ। ਇਸ ਸ਼ਹਾਦਤ ਨਾਲ ਮਨਮੋਹਣ ਸਿੰਘ ਇੱਕ ਮਿਸਾਲ ਕਾਇਮ ਕਰ ਗਏ, ਜਿਸ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ।