ਪਹਿਲੀ ਮਹਿਲਾ ਮੇਲਾਨੀਆ ਨੇ ਕੀਤਾ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ

06/22/2018 6:22:53 PM

ਮੈਕਆਲੇਨ (ਅਮਰੀਕਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਸ਼ੁੱਕਰਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ ਦਾ ਰਸਮੀ ਦੌਰਾ ਕੀਤਾ। ਮੇਲਾਨੀਆ ਨੇ ਇਹ ਦੌਰਾ ਅਜਿਹੇ ਵੇਲੇ 'ਚ ਕੀਤਾ ਜਦੋਂ ਟਰੰਪ ਪ੍ਰਸ਼ਾਸਨ ਪ੍ਰਵਾਸੀ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀ ਨੀਤੀ ਨਾਲ ਪੈਦਾ ਹੋਏ ਵਿਵਾਦ ਨੂੰ ਸ਼ਾਂਤ ਕਰਨ 'ਚ ਲੱਗਿਆ ਹੋਇਆ ਹੈ।
ਮੇਲਾਨੀਆ ਟਰੰਪ ਨੇ ਟੈਕਸਾਸ ਦੇ ਮੈਕਆਲੇਨ 'ਚ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਬਾਲ ਘਰ 'ਅਪਬ੍ਰਿੰਗ ਨਿਊ ਹੋਪ ਚਿਲਡਰਨਸ ਸ਼ੈਲਟਰ' ਦਾ ਦੌਰਾ ਕੀਤਾ, ਜਿਸ 'ਚ ਪੰਜ ਤੋਂ 17 ਸਾਲ ਦੀ ਉਮਰ ਦੇ ਹੋਂਡੁਰਾਸ, ਗਵਾਟੇਮਾਲਾ ਤੇ ਏਲ ਸਾਲਵਾਡੋਰ ਦੇ ਕਰੀਬ 55 ਬੱਚੇ ਰਹਿ ਰਹੇ ਹਨ। ਟਰੰਪ ਪ੍ਰਸ਼ਾਸਨ ਨੂੰ ਅੱਗੇ ਦੀ ਰਣਨੀਤੀ ਬਣਾਉਣ 'ਚ ਆ ਰਹੀ ਪਰੇਸ਼ਾਨੀ ਦੇ ਵਿਚਾਲੇ, ਫੌਜ ਨੇ ਕਿਹਾ ਕਿ ਉਹ ਆਪਣੇ ਅੱਡਿਆਂ 'ਤੇ ਪਰਿਵਾਰ ਤੋਂ ਵੱਖ ਹੋਏ ਕਰੀਬ 20 ਹਜ਼ਾਰ ਪ੍ਰਵਾਸੀ ਬੱਚਿਆਂ ਦੇ ਠਹਿਰਨ ਦੀ ਤਿਆਰੀ ਕਰੇਗੀ। ਰਾਸ਼ਟਰਪਤੀ ਵਲੋਂ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਨ ਦੀ ਨੀਤੀ 'ਤੇ ਰੋਕ ਦੇ ਇਕ ਦਿਨ ਬਾਅਦ ਪਹਿਲੀ ਮਹਿਲਾ ਨੇ ਪਹਿਲਾਂ ਬਿਨਾਂ ਐਲਾਨ ਵਾਲਾ ਦੌਰਾ ਕੀਤਾ। ਆਪਣੇ ਪਰਿਵਾਰਾਂ ਤੋਂ ਵੱਖ ਹੋ ਚੁੱਕੇ 2,300 ਤੋਂ ਜ਼ਿਆਦਾ ਬੱਚਿਆਂ ਨੂੰ ਦੁਬਾਰਾ ਪਰਿਵਾਰ ਨਾਲ ਮਿਲਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ।