ਸਿਡਨੀ ਦੀ ਫੈਕਟਰੀ ''ਚ ਲੱਗੀ ਭਿਆਨਕ ਅੱਗ, ਸ਼ਹਿਰ ''ਤੇ ਛਾਇਆ ਧੂੰਏਂ ਦਾ ਗੁਬਾਰ (ਦੇਖੋ ਤਸਵੀਰਾਂ)

02/23/2017 10:28:30 AM

ਸਿਡਨੀ— ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਦੇ ਪੱਛਮੀ ਨਗਰ ''ਚ ਰੀਸਾਈਕਲਿੰਗ ਪਲਾਂਟ ''ਚ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੂੰ ਕਾਬੂ ਹੇਠ ਕਰਨ ਲਈ 100 ਫਾਇਰਫਾਈਟਰਜ਼ ਨੂੰ ਕਈ ਘੰਟਿਆਂ ਤੱਕ ਮੁਸ਼ੱਕਤ ਕਰਨੀ ਪਈ। ਅੱਗ ਕੇ ਕਾਰਨ ਸ਼ਹਿਰ ਦੇ ਉੱਪਰ ਕਾਲੇ ਧੂੰਏਂ ਦੀ ਚਾਦਰ ਛਾਈ ਹੋਈ ਹੈ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਅਜਿਹੇ ਹਾਲਾਤ ਰਾਤ ਤੱਕ ਬਣੇ ਰਹਿ ਸਕਦੇ ਹਨ। । ਨਿਊ ਸਾਊਥ ਵੇਲਜ਼ ਦੇ ਫਾਇਰ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਗ ਸਿਡਨੀ ਸ਼ਹਿਰ ਦੇ ਪੁਰਾਣੇ ਇਲਾਕੇ ਤੋਂ 15 ਕਿਲੋਮੀਟਰ ਦੂਰ ਉਦਯੋਗਿਕ ਪਾਰਕ ਦੇ ਇੱਕ ਰੀਸਾਈਕਲਿੰਗ ਪਲਾਂਟ ''ਚ ਲੱਗੀ। ਉਸ ਨੇ ਦੱਸਿਆ ਕਿ ਅੱਗ ''ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੇ 100 ਤੋਂ ਵਧੇਰੇ ਕਰਮਚਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪਈ। ਬੁਲਾਰੇ ਮੁਤਾਬਕ ਇਸ ਹਾਦਸੇ ''ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਵੀ ਸੂਚਨਾ ਨਹੀਂ ਹੈ। ਉਸ ਦਾ ਕਹਿਣਾ ਹੈ ਪਲਾਂਟ ਦੇ ਕੋਲ ਬਣੇ ਹੋਰ ਕਾਰਖਾਨਿਆਂ ਨੂੰ ਖਾਲੀ ਕਰਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।