ਬ੍ਰਿਸਬੇਨ : 'ਵੂਮਨਜ਼ ਸਹਾਰਾ ਹਾਊਸ' ਨੂੰ ਇਸ ਕੰਪਨੀ ਨੇ ਦਿੱਤੀ ਮਾਲੀ ਮਦਦ

12/22/2018 2:43:29 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਸਿੱਖ ਟੈਂਪਲ ਸਾਹਿਬ ਲੋਗਨ ਰੋਡ ਵਲੋਂ ਭਾਰਤੀ ਲੋੜਵੰਦ ਔਰਤਾਂ ਦੀ ਭਲਾਈ ਲਈ ਚਲਾਏ ਜਾ ਰਹੇ 'ਵੂਮਨਜ਼ ਸਹਾਰਾ ਹਾਊਸ' ਵਿਖੇ ਸੰਸਦ ਮੈਂਬਰ ਸ਼ੈਨ ਨਿਊਮਨ, ਜੂਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀ. ਈ. ਓ ਕੀ ਐਸਟ ਕੰਪਨੀ ਵਲੋਂ ਦੌਰਾ ਕੀਤਾ ਗਿਆ। ਇੱਥੇ ਸੰਸਦ ਮੈਬਰਾਂ ਅਤੇ ਸੀ. ਈ. ਓ.  ਕੀ ਐਸਟ ਕੰਪਨੀ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤਾਂ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਦਾਜ, ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਦੀਆਂ ਦੁੱਖ ਤਖਲੀਫਾਂ ਦਾ ਦਰਦ ਵੰਡਾਉਦਿਆਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਦੀ ਪ੍ਰੇਰਨਾ ਵੀ ਦਿੱਤੀ।

ਇਸ ਮੌਕੇ ਰੌਬ ਰਾਈਨ ਸੀ. ਈ. ਓ.  ਕੀ ਐਸਟ ਕੰਪਨੀ ਵਲੋਂ 'ਵੂਮਨਜ਼ ਸਹਾਰਾ ਹਾਊਸ' ਦੀ ਵਿੱਤੀ ਮਦਦ ਲਈ ਆਸਟ੍ਰੇਲੀਆਈ ਅੱਠ ਹਜ਼ਾਰ ਅੱਠ ਸੌ ਸੱਤਾਸੀ ਡਾਲਰ (8887.89)  ਗੁਰਦੁਆਰਾ ਸਿੱਖ ਟੈਂਪਲ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ, ਮਨਦੀਪ ਸਿੰਘ ਖਜ਼ਾਨਚੀ ਅਤੇ ਸਹਾਰਾ ਹਾਊਸ ਦੀ ਮੈਨੇਜਰ ਜਤਿੰਦਰ ਕੌਰ ਨੂੰ ਭੇਟ ਕੀਤੇ ਗਏ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਅਤੇ ਮਨਦੀਪ ਸਿੰਘ ਖਜ਼ਾਨਚੀ ਨੇ ਸੰਸਦ ਮੈਂਬਰ ਸ਼ੈਨ ਨਿਊਮਨ, ਜੁਲੀਅਨ ਹਿੱਲ ਸੰਸਦ ਮੈਂਬਰ ਅਤੇ ਰੌਬ ਰਾਈਨ ਸੀ.ਈ.ਓ ਕੀ ਐਸਟ ਕੰਪਨੀ ਦਾ ਵਿੱਤੀ ਮਦਦ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ-ਨਾਲ ਦਾਜ ਅਤੇ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਜੋ ਕਿ ਸਰਕਾਰੀ ਮਦਦ ( ਸੈਂਟਰਲਿੰਕ) ਤੋਂ ਮਿਲਣ ਲਈ ਯੋਗ ਨਹੀਂ ਹਨ, ਉਨ੍ਹਾਂ ਦੀਆਂ ਦੁੱਖ-ਤਖਲੀਫਾਂ ਦਾ ਦਰਦ ਵੰਡਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।