ਆਪਣੇ ਜੀਜੇ ਨੂੰ ਕਤਲ ਕਰਨ ਦੇ ਦੋਸ਼ ਵਿਚ ਸੁਖਵਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ

08/17/2017 8:59:24 PM

ਲੰਡਨ (ਰਾਜਵੀਰ ਸਮਰਾ)— ਵੂਲਵਰਹੈਪਟਨ ਸ਼ਹਿਰ ਵਿਚ ਇਕ ਪੰਜਾਬੀ ਦੀ ਲਾਸ਼ ਨੂੰ ਬੀ.ਐਮ. ਡਬਲਯੂ ਕਾਰਕੀਚ ਲੈ ਕੇ ਵੈਸਟ ਬ੍ਰਾਮਿਚ ਥਾਣੇ ਵਿੱਚ ਪੇਸ਼ ਹੋਏ ਉਸ ਦੇ ਹੀ ਰਿਸ਼ਤੇਦਾਰ ਡਰਾਈਵਰ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੰਜਾਬੀ ਇੰਟਰਪਰੇਟਰ ਦੀ ਮਦਦ ਨਾਲ ਮੁੱਢਲੀ ਅਦਾਲਤੀ ਪੇਸ਼ੀ ਉਪਰੰਤ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਵੁਲਵਰਹੈਪਟਨ ਕਰਾਉਨ ਕੋਰਟ ਵਿੱਚ ਭੇਜੇ ਇਸ ਮੁਕੱਦਮੇ ਤਹਿਤ 40 ਸਾਲਾ ਸੁਖਵਿੰਦਰ ਸਿੰਘ ਵਾਸੀ ਮੈਕਡੋਨਲਜ ਕਲੋਜ਼,ਟਿਵੀਡੇਲ ਖਿਲਾਫ਼ ਹਰੀਸ਼ ਕੁਮਾਰ ਨੂੰ ਕਤਲ ਕਰਨ ਦੇ ਦੋਸ਼ ਦਰਜ ਕੀਤੇ ਗਏ ਹਨ।ਵੈਸਟ ਮਿਡਲੈਡ ਪੁਲਸ ਅਨੁਸਾਰ ਸੁਖਵਿੰਦਰ ਸਿੰਘ 10 ਅਗਸਤ ਵੀਰਵਾਰ ਸਵੇਰੇ 10.20 ਵਜੇ ਵੈਸਟ ਬ੍ਰਾਮਿਚ ਪੁਲਸ ਸਟੇਸ਼ਨ ਦੇ ਬਾਹਰ ਬੀ.ਐਮ. ਡਬਲਯੂ ਕਾਰ ਵਿੱਚ ਇੱਕ ਵਿਅਕਤੀ ਦੀ ਲਾਸ਼ ਨੂੰ ਲੈ ਕੇ ਪਹੁੰਚਿਆ। ਮੁੱਢਲੀਆਂ ਰਿਪੋਰਟਾਂ ਅਨੁਸਾਰ ਉਸ ਵਿਅਕਤੀ ਦਾ ਨਾਂ ਹਰੀਸ਼ ਕੁਮਾਰ ਸੀ, ਜਿਸ ਦਾ ਕਤਲ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ਵਿੱਚ ਡਰਾਈਵਰ ਸੁਖਵਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ,ਜਿਸ ਨੂੰ ਵਾਲਸਾਲ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿਥੇ ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਉਸ ਦੇ ਨਾਂ ਅਤੇ ਪਤੇ ਦੀ ਪੁਸ਼ਟੀ ਕੀਤੀ ਗਈ।ਸੁਖਵਿੰਦਰ ਸਿੰਘ ਵੁਲਵਰਹੈਪਟਨ ਅਦਾਲਤ ਵਿੱਚ 15 ਅਗਸਤ ਮੰਗਲਵਾਰ ਨੂੰ ਪੇਸ਼ ਕੀਤਾ ਗਿਆ। ਫਿਰ ਉਸ ਨੂੰ ਵੁਲਵਰਹੈਪਟਨ ਕਰਾਉਨ ਕੋਰਟ ਮੁੜ ਤੋਂ 9 ਅਕਤੂਬਰ ਨੂੰ ਪੇਸ਼ ਹੋਣ ਤਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ 31 ਸਾਲਾ ਹਰੀਸ਼ ਕੁਮਾਰ ਵਾਸੀ ਵਿਲਨਹਾਲ ਦੀ ਪੋਸਟਮਾਰਟਮ ਸਬੰਧੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਉਸ ਦੀ ਮੌਤ ਛਾਤੀ ਤੇ ਲੱਗੇ ਚਾਕੂ ਦੇ ਇੱਕ ਜ਼ਖਮ ਕਰਕੇ ਹੋਈ। ਵੈਸਟ ਮਿਡਲੈਂਡ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਮੁਤਾਬਿਕ ਹਰੀਸ਼ ਇਕ ਬਹੁਤ ਹੀ ਨੇਕ ਇਨਸਾਨ ਸੀ, ਜੋ ਕਿ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਰਹਿੰਦਾ ਸੀ। ਉਹ ਉਸ ਨੂੰ ਕਦੇ ਨਹੀ ਭੁਲ ਸਕਣਗੇ।ਵੈਸਟ ਮਿਡਲੈਂਡ ਪੁਲਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਹੈਰੀ ਹੈਰੀਸਨ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਭਾਵੇਂ ਸਭ ਕੁਝ ਸਪੱਸ਼ਟ ਹੋ ਜਾਵੇਗਾ,ਪਰ ਮੁੱਢਲੀ ਰਿਪੋਰਟ ਅਨੁਸਾਰ ਪੀੜਤ ਵਿਅਕਤੀ ਪੁਲਸ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਮਰ ਚੁੱਕਾ ਸੀ। ਪੁਲਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਕਿ ਥਾਣੇ ਵਿੱਚ ਪਹੁੰਚਣ ਤੋਂ ਪਹਿਲਾਂ ਇਹ ਕਾਰ ਕਿਥੋਂ ਚਲਾ ਕੇ ਲਿਆਂਦੀ ਗਈ। ਪੁਲਸ ਵਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਅਪੀਲ ਵੀ ਕੀਤੀ ਗਈ ਹੈ।ਇਸੇ ਦੌਰਾਨ ਭਾਰਤ ਤੋਂ ਛੱਪਦੇ ਅਖਬਾਰਾਂ ਮੁਤਾਬਕ ਟਾਂਡਾ ਨੇੜੇ ਪੈਦੇ ਬੁਢ਼ੀ ਪਿੰਡ ਦੇ ਨੋਜਵਾਨ ਹਰੀਸ਼ ਕੁਮਾਰ ਉਰਫ ਰਾਜੂ ਪੰਡਿਤ ਨੂੰ ਉਸ ਦੇ ਹੀ ਸਾਲੇ ਨੇ ਬੇਰਹਿਮੀ ਨਾਲ ਕਤਲ ਕਰਨ ਉਪਰੰਤ ਲਾਸ਼ ਨੂੰ ਪੁਲਿਸ ਸਟੇਸ਼ਨ ਲੈ ਆਇਆ ਅਤੇ ਬਾਹਰ ਖੜੀ ਕਾਰ ਚ ਪਈ ਮ੍ਰਿਤਕ ਰਾਜੂ ਦੀ ਲਾਸ਼ ਨੂੰ ਪੁਲਸ ਹਵਾਲੇ ਕਰ  ਦਿੱਤਾ।ਮ੍ਰਿਤਕ ਰਾਜੂ ਪੰਡਿਤ ਪੁੱਤਰ ਧਰਮਪਾਲ ਪਿਛਲੇ ਅੱਠ -ਦਸ ਸਾਲਾ ਤੋ ਇੰਗਲੈਂਡ ਚ ਰਹਿ ਰਿਹਾ ਸੀ।ਮ੍ਰਿਤਕ ਰਾਜੂ ਦੇ ਦੂਸਰੇ ਭਰਾ ਹੀਰਾ ਲਾਲ ਦੀ ਵੀ ਕੁਝ ਦਿਨ ਪਹਿਲਾ ਹੀ ਮੋਤ ਹੋ ਗਈ ਸੀ, ਜਦੋਂ ਕਿ ਇਸ ਘਟਨਾ ਨੂੰ ਪ੍ਰੇਮ ਵਿਆਹ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।