ਸਰਕਾਰ ਬੰਬਾਰਡੀਅਰ ਨੂੰ ਦੇਵੇਗੀ 372.5 ਮਿਲੀਅਨ ਡਾਲਰ ਦਾ ਕਰਜ਼ਾ, ਪੈਦਾ ਹੋਣਗੀਆਂ 4000 ਨੌਕਰੀਆਂ

02/12/2017 11:01:54 AM

ਓਟਾਵਾ— ਕੈਨੇਡਾ ਦੀ ਸਰਕਾਰ ਐਰੋਸਪੇਸ ਕੰਪਨੀ ਬੰਬਾਰਡੀਅਰ ਇਨਕਾਰਪੋਰੇਸ਼ਨ ਨੂੰ 372.5 ਮਿਲੀਅਨ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਦੱਸਿਆ ਕਿ ਇਹ ਰਕਮ ਚਾਰ ਸਾਲਾਂ ਦੇ ਸਮੇਂ ਦੌਰਾਨ ਦਿੱਤੀ ਜਾਵੇਗੀ ਅਤੇ ਇਸ ਨਾਲ ਗਲੋਬਲ 7000 ਅਤੇ ਸੀ-ਸੀਰੀਜ਼ ਦੇ ਜਹਾਜ਼ਾਂ ਵਾਲੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਵਿਚ ਮਦਦ ਮਿਲੇਗੀ, ਇਸ ਦੇ ਨਾਲ ਹੀ ਰੋਜ਼ਗਾਰ ਦੇ 4000 ਮੌਕੇ ਵੀ ਸੁਰੱਖਿਅਤ ਹੋਣਗੇ। ਹਾਲਾਂਕਿ ਇਹ ਜਹਾਜ਼ ਓਨਟਾਰੀਓ ਅਤੇ ਕਿਊਬਿਕ ਵਿਚ ਤਿਆਰ ਕੀਤੇ ਜਾਣਗੇ ਪਰ ਇਸ ਨਾਲ ਅਰਥਚਾਰੇ ਨੂੰ ਹੁਲਾਰਾ ਮਿਲੇਗਾ ਤੇ ਪੂਰੇ ਦੇਸ਼ ਦਾ ਫਾਇਦਾ ਹੋਵੇਗਾ। ਉਨ੍ਹਾਂ ਨੂੰ ਐਰੋਸਪੇਸ ਦੇ ਖੇਤਰ ਵਿਚ ਅਹਿਮ ਨਿਵੇਸ਼ ਕਰਵਾਉਣ ਲਈ ਕਿਊਬਿਕ ਤੋਂ 39 ਐਮ. ਪੀਜ਼ ਵੱਲੋਂ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਸ਼ੁਕਰੀਆ ਵੀ ਅਦਾ ਕੀਤਾ। 
ਦੂਜੇ ਪਾਸੇ ਵਿਰੋਧੀ ਧਿਰ ਦੀ ਅੰਤਰਿਮ ਆਗੂ ਰੋਨਾ ਐਂਬਰੋਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਤਰਨਾਕ ਸੰਕੇਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੰਬਾਰਡੀਅਰ ਵਰਗੀ ਪਸੰਦੀਦਾ ਕੰਪਨੀ ਨੂੰ ਤਾਂ ਟੈਕਸਦਾਤਾਵਾਂ ਦੇ ਸੈਂਕੜੇ ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ ਜਦਕਿ ਦੂਜਿਆਂ ਕੰਪਨੀਆਂ ''ਤੇ ਵਾਧੂ ਟੈਕਸ ਅਤੇ ਕਾਰਬਨ ਟੈਕਸ ਲਾਏ ਜਾ ਰਹੇ ਹਨ। ਐਂਬਰੋਜ਼ ਨੇ ਪੁੱਛਿਆ ਕਿ ਕੀ ਟਰੂਡੋ ਫੋਰਟ ਮੈਕਮਰੀ ਜਾਂ ਸਟਰੈਟਫੋਰਡ ਦੀ ਡਰਾਈ ਕਲੀਨਿੰਗ ਸ਼ਾਪ ਜਾਂ ਡਾਈਨਰ ਵੱਲੋਂ ਲਏ ਗਲਤ ਫੈਸਲਿਆਂ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਦੀ ਵੀ ਇਸੇ ਤਰ੍ਹਾਂ ਆਰਥਿਕ ਮਦਦ ਕਰਨਗੇ? ਸਾਬਕਾ ਲਿਬਰਲ ਐਮ. ਪੀ. ਅਤੇ ਅੱਜਕੱਲ੍ਹ ਕੈਨੇਡਾ ਵੈਸਟ ਫਾਊਂਡੇਸ਼ਨ ਦੀ ਚੀਫ ਐਗਜ਼ੈਕਟਿਵ ਆਫੀਸਰ ਮਾਰਥਾ ਹਾਲ ਫਿੰਡਲੇ ਨੇ ਕਿਹਾ ਕਿ ਕੰਪਨੀਆਂ ਵਧ ਤੋਂ ਵਧ ਫੈਡਰਲ ਫੰਡ ਹਾਸਲ ਕਰਨ ਲਈ ਆਪਣਾ ਪੂਰਾ ਜ਼ੋਰ ਲਾਉਂਦੀਆਂ ਹਨ, ਅਜਿਹੀਆਂ ਕੰਪਨੀਆਂ 1990ਵਿਆਂ ਦੇ ਅੱਧ ਤੋਂ ਇਹ ਕਰਜ਼ਾ ਹਾਸਲ ਕਰ ਰਹੀਆਂ ਹਨ। ਅਜਿਹੀਆਂ ਕੰਪਨੀਆਂ ਨੇ ਓਟਾਵਾ ਤੋਂ ਕੈਸ਼ ਕਢਵਾਉਣਾ ਹੀ ਆਪਣਾ ਟੀਚਾ ਬਣਾਇਆ ਹੋਇਆ ਹੈ।

Kulvinder Mahi

This news is News Editor Kulvinder Mahi