...ਜਦੋਂ ਮੁੜ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਬਕਾ ਪਾਕਿ ਮੰਤਰੀ ਫਵਾਦ ਚੌਧਰੀ ਅਦਾਲਤ ਵੱਲ ਦੌੜੇ

05/16/2023 11:09:32 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਮੁੜ ਗ੍ਰਿਫ਼ਤਾਰੀ ਤੋਂ ਬਚਣ ਲਈ ਆਪਣੀ ਜਾਨ ਖਤਰੇ 'ਚ ਪਾ ਮੰਗਲਵਾਰ ਇੱਥੇ ਦੌੜ ਕੇ ਹਾਈ ਕੋਰਟ ਦੀ ਇਮਾਰਤ 'ਚ ਦਾਖਲ ਹੋ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਆਗੂ ਚੌਧਰੀ ਨੂੰ ਪਿਛਲੇ ਹਫ਼ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਰਿਹਾਈ ਲਈ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਗੱਡੀ 'ਤੇ ਪੀਲੀ ਬੱਤੀ ਲਾ ਕੇ ਘੁੰਮਦੇ ਸੀ ਪਿਓ-ਪੁੱਤ, ਪੁਲਸ ਨੇ ਇੰਝ ਕੀਤੇ ਕਾਬੂ (ਵੀਡੀਓ)

ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਚੌਧਰੀ ਨੇ ਇਹ ਵਾਅਦਾ ਕੀਤਾ ਕਿ ਉਹ ਕਿਸੇ ਵੀ ਹਿੰਸਕ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ। ਇਸ ਤੋਂ ਉਤਸ਼ਾਹਿਤ ਹੋ ਕੇ ਚੌਧਰੀ ਅਦਾਲਤ ਵੱਲੋਂ ਲਿਖਤੀ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਉਥੋਂ ਚਲੇ ਗਏ।

ਇਹ ਵੀ ਪੜ੍ਹੋ : ਅਜਬ-ਗਜ਼ਬ : ਸਿਰਫ਼ 30 ਮਿੰਟ ’ਚ ਹੋਵੇਗੀ ਤਬਾਹੀ, ਧਰਤੀ ’ਤੇ ਉੱਠਣਗੀਆਂ ਅੱਗ ਦੀਆਂ ਲਪਟਾਂ, ਨਾਸਾ ਦੀ ਚਿਤਾਵਨੀ

ਇਸ ਤੋਂ ਬਾਅਦ ਜਦੋਂ ਉਹ ਆਪਣੀ ਕਾਰ ’ਚ ਘਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਲੱਗਾ ਕਿ ਪੁਲਸ ਅਧਿਕਾਰੀ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਟੀ. ਵੀ. ਫੁਟੇਜ ’ਚ ਚੌਧਰੀ ਨੂੰ ਕਾਰ ’ਚੋਂ ਉੱਤਰ ਕੇ ਅਦਾਲਤ ਦੀ ਇਮਾਰਤ ਦੇ ਦਰਵਾਜ਼ੇ ਵੱਲ ਦੌੜਦੇ ਵੇਖਿਆ ਗਿਆ। ਜਦੋਂ ਇਕ ਵਕੀਲ ਉਨ੍ਹਾਂ ਦੀ ਮਦਦ ਲਈ ਆਇਆ ਤਾਂ ਉਨ੍ਹਾਂ ਨੂੰ ਝੁਕਦਿਆਂ ਅਤੇ ਹਾਫਦਿਆਂ ਵੇਖਿਆ ਗਿਆ। ਪਿੱਛੇ ਤੋਂ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਨ੍ਹਾਂ ਲਈ ਪਾਣੀ ਲਿਆਓ। ਇਸ ਦੌਰਾਨ ਕਿਸੇ ਹੋਰ ਨੇ ਕਿਹਾ ਕਿ ਇਹ ਮਰਨ ਵਾਲਾ ਹੈ। ਚੌਧਰੀ ਦੀ ਪਤਨੀ ਹਿਬਾ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਯੁੱਧ ਦੇ ਬਦਲ ਰਹੇ ਹਾਲਾਤ, ਰੂਸ ਦੇ ਸੈਨਿਕਾਂ 'ਤੇ ਹਾਵੀ ਹੋ ਰਹੀ ਯੂਕ੍ਰੇਨ ਦੀ ਫ਼ੌਜ

ਚੌਧਰੀ ਨੇ ਬਾਅਦ ਵਿੱਚ ਜਸਟਿਸ ਔਰੰਗਜ਼ੇਬ ਨੂੰ ਦੱਸਿਆ ਕਿ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਜੱਜ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਤੁਸੀਂ ਖੁਦ ਵਕੀਲ ਹੋ, ਇਸ ਲਈ ਤੁਹਾਨੂੰ ਲਿਖਤੀ ਹੁਕਮ ਦੀ ਉਡੀਕ ਕਰਨੀ ਚਾਹੀਦੀ ਸੀ। ਇਸ ਤੋਂ ਬਾਅਦ ਜੱਜ ਨੇ ਚੌਧਰੀ ਨੂੰ ਕਿਸੇ ਵੀ ਮਾਮਲੇ ’ਚ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਸੁੱਖ ਦਾ ਸਾਹ ਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh