ਇਸ ਸ਼ਖਸ ਨੇ ਐਮਰਜੈਂਸੀ ਅਧਿਕਾਰੀਆਂ ਦਾ ਕੀਤਾ ਧੰਨਵਾਦ, ਇੰਝ ਬਚਾਈ ਗਈ ਸੀ ਜਾਨ

09/24/2017 12:46:08 PM

ਮੈਲਬੌਰਨ,(ਬਿਊਰੋ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਸ਼ਨੀਵਾਰ ਨੂੰ ਇਕ ਵਿਅਕਤੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ। 40 ਸਾਲਾ ਓਡੀ ਬਾਰਵਿਕ ਆਪਣੇ ਘਰ ਦੇ ਬਗੀਚੇ 'ਚ ਸੀ, ਜਦੋਂ ਉਸ 'ਤੇ ਵੱਡਾ ਖੰਭਾ ਉੱਖੜ ਕੇ ਆ ਡਿੱਗਾ ਅਤੇ ਉਸ ਦੀ ਸੱਜੀ ਲੱਤ ਉਸ ਦੇ ਹੇਠਾਂ ਆ ਗਈ। ਮੌਕੇ 'ਤੇ ਪੁੱਜੇ ਐਮਰਜੈਂਸੀ ਅਧਿਕਾਰੀਆਂ ਨੇ ਉਸ ਦੀ ਲੱਤ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕੱਢਿਆ। ਓਡੀ ਦੀ ਪਤਨੀ ਨੇ ਜਦੋਂ ਇਹ ਸਭ ਦੇਖਿਆ ਤਾਂ ਉਹ ਦੌੜੀ ਹੋਈ ਉਸ ਕੋਲ ਆਈ ਅਤੇ ਉਸ ਦੇ ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਮਦਦ ਮੰਗੀ। ਜਿਸ ਤੋਂ ਬਾਅਦ ਪੈਰਾ-ਮੈਡੀਕਲ ਅਤੇ ਬਚਾਅ ਟੀਮ ਘਟਨਾ ਵਾਲੀ ਥਾਂ 'ਤੇ ਪੁੱਜੇ। ਉਨ੍ਹਾਂ ਨੇ ਰੱਸੀਆਂ ਦੇ ਸਹਾਰੇ ਕਿਸੇ ਤਰ੍ਹਾਂ ਖੰਭੇ ਨੂੰ ਹਟਾਇਆ ਅਤੇ ਓਡੀ ਨੂੰ ਹਸਪਤਾਲ ਪਹੁੰਚਾਇਆ।
ਓਡੀ ਦੀ ਸਿਹਤ ਹੁਣ ਠੀਕ ਹੈ ਅਤੇ ਹਸਪਤਾਲ ਦੇ ਬਿਸਤਰੇ 'ਤੇ ਬੈਠੇ ਉਸ ਨੇ ਕਿਹਾ ਕਿ ਮੈਂ ਐਮਰਜੈਂਸੀ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਭਾਰੀ ਲੱਕੜ ਦੇ ਖੰਭੇ ਤੋਂ ਬਚਾਉਣ 'ਚ ਮੇਰੀ ਮਦਦ ਕੀਤੀ। ਓਡੀ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਹੋ ਸਕਦਾ ਸੀ, ਜੇਕਰ ਖੰਭਾ ਉਸ ਦੀ ਛਾਤੀ ਜਾਂ ਢਿੱਡ 'ਤੇ ਡਿੱਗ ਜਾਂਦਾ। ਓਧਰ ਓਡੀ ਦੀ ਪਤਨੀ ਨੇ ਕਿਹਾ ਕਿ ਉਹ ਬਹੁਤ ਕਿਸਮਤ ਵਾਲੀ ਹੈ ਕਿ ਉਸ ਦੇ ਪਤੀ ਦੀ ਜਾਨ ਬਚ ਗਈ।