ਬ੍ਰਿਟੇਨ : ਘਰ ''ਚ ਅੱਗ ਲੱਗਣ ਕਾਰਨ ਪਿਓ-ਧੀ ਦੀ ਮੌਤ

01/26/2020 3:27:43 PM

ਲੰਡਨ— ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ 300 ਕਿਲੋਮੀਟਰ ਦੂਰ ਕੋਟਿੰਘਮ ਇਲਾਕੇ 'ਚ ਸ਼ਨੀਵਾਰ ਨੂੰ ਇਕ ਘਰ 'ਚ ਅੱਗ ਲੱਗ ਜਾਣ ਕਾਰਨ ਇਕ ਵਿਅਕਤੀ ਅਤੇ ਉਸ ਦੀ 10 ਸਾਲਾ ਧੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਹੰਬਰਸਾਈਡ ਪੁਲਸ ਅਤੇ ਫਾਇਰ ਫਾਈਟਰਜ਼ ਦਲ ਨੂੰ ਸਥਾਨਕ ਸਮੇਂ ਮੁਤਾਬਕ 8 ਵਜੇ ਕੋਟਿੰਘਮ ਰੋਡ 'ਤੇ ਇਕ ਘਰ 'ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ ਫਾਇਰ ਫਾਈਟਰਜ਼ ਦਲ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਤਦ ਤਕ ਮਕਾਨ 'ਚ ਮੌਜੂਦ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ 10 ਸਾਲਾ ਬੱਚੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਅਜੇ ਮ੍ਰਿਤਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਸਥਾਨਕ ਪੁਲਸ ਨੇ ਫਾਇਰ ਫਾਈਟਰਜ਼ ਦਲ ਦੇ ਅਧਿਕਾਰੀਆਂ ਨਾਲ ਮਿਲ ਕੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਦੇ ਗੁਆਂਢ 'ਚ ਰਹਿੰਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਜਦ ਘਰ 'ਚੋਂ ਧੂੰਆਂ ਤੇ ਅੱਗ ਨਿਕਲਦੀ ਦੇਖੀ ਤਾਂ ਉਸ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਦਰਵਾਜ਼ਾ ਖੜਕਾ ਕੇ ਉਨ੍ਹਾਂ ਨੂੰ ਅਲਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ।