ਆਸਟ੍ਰੇਲੀਆ : ਐਡੀਲੇਡ ''ਚ ਘਰ ''ਤੇ ਹਮਲਾਵਰਾਂ ਨੇ ਕੀਤੀ ਗੋਲੀਬਾਰੀ, ਪਿਓ-ਧੀ ਜ਼ਖਮੀ

09/17/2018 12:13:23 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਐਤਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਇਕ ਘਰ 'ਤੇ ਗੋਲੀਬਾਰੀ ਕੀਤੀ। ਇਸ ਘਟਨਾ ਕਾਰਨ ਘਰ 'ਚ ਰਹਿੰਦਾ ਪਰਿਵਾਰ ਡਰ ਗਿਆ, ਉਨ੍ਹਾਂ ਨੂੰ ਇੰਝ ਲੱਗਾ ਕਿ ਸ਼ਾਇਦ ਜਿਵੇਂ ਅੱਤਵਾਦੀ ਹਮਲਾ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ  ਬਲੈਕਵਿਊ ਦੇ ਸਟਕੀ ਵੇਅ 'ਚ ਸਥਿਤ ਇਕ ਘਰ 'ਤੇ ਦਰਜਨ ਤੋਂ ਵਧ ਗੋਲੀਆਂ ਚਲਾਈਆਂ ਗਈਆਂ। ਪੁਲਸ ਮੁਤਾਬਕ ਇਹ ਘਟਨਾ ਰਾਤ ਤਕਰੀਬਨ 11.30 ਵਜੇ ਦੀ ਹੈ। ਪੁਲਸ ਨੇ ਦੱਸਿਆ ਕਿ ਇਹ ਗੋਲੀਬਾਰੀ ਉਸ ਸਮੇਂ ਕੀਤੀ ਗਈ, ਜਦੋਂ ਘਰ 'ਚ 23 ਸਾਲਾ ਵਿਅਕਤੀ ਅਤੇ ਉਸ ਦੀ 3 ਸਾਲਾ ਧੀ ਸੁੱਤੇ ਹੋਏ ਸਨ। ਦੋਵੇਂ ਬਚ ਗਏ ਪਰ ਜ਼ਖਮੀ ਹੋਏ ਹਨ। 



ਪੁਲਸ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਦੇ ਬੈੱਡਰੂਮ ਦੀ ਖਿੜਕੀ 'ਤੇ ਕਈ ਗੋਲੀਆਂ ਵਰ੍ਹਾਈਆਂ। ਇਸ ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਫਰਾਰ ਹੋ ਗਏ, ਖੁਸ਼ਕਿਸਮਤੀ ਨਾਲ ਘਰ 'ਚ ਮੌਜੂਦ ਲੋਕ ਵਾਲ-ਵਾਲ ਬਚੇ। ਪੁਲਸ ਅਧਿਕਾਰੀਆਂ ਘਟਨਾ ਵਾਲੀ ਥਾਂ 'ਤੇ ਜਾਂਚ ਅਧਿਕਾਰੀਆਂ ਨਾਲ ਰਹੇ ਅਤੇ ਜਾਂਚ ਕੀਤੀ ਜਾ ਰਹੀ ਹੈ। ਕ੍ਰਾਈਮ ਗੈਂਗ ਟਾਸਕ ਫੋਰਸ ਦੇ ਅਧਿਕਾਰੀ ਵੀ ਇਸ ਗੋਲੀਬਾਰੀ ਦੀ ਜਾਂਚ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਇਕ ਕਾਰ ਖੜ੍ਹੀ ਦੇਖੀ ਗਈ, ਜਿਸ ਦੀ ਮੋਟਰਸਾਈਕਲ ਨਾਲ ਟੱਕਰ ਹੋਈ ਸੀ।