ਕੈਨੇਡਾ ''ਚ ਸੜਕ ਹਾਦਸੇ ''ਚ ਮਾਰੇ ਗਏ ਪੰਜਾਬੀ ਦੀ ਧੀ ਨੇ ਬੋਲੇ ਦਿਲ ਵਲੂੰਧਰ ਦੇਣ ਵਾਲੇ ਬੋਲ, ਦੋਸ਼ੀ ਨੇ ਮੰਗੀ ਮੁਆਫੀ (ਤਸਵੀਰਾਂ)

10/27/2016 7:08:06 PM

 ਕੈਲਗਰੀ— ਕੈਨੇਡਾ ਵਿਚ ਇਕ ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਵਾਪਰੇ ਹਾਦਸੇ ''ਚ ਮਾਰੇ ਗਏ 46 ਸਾਲਾ ਪੰਜਾਬੀ ਟੈਕਸੀ ਡਰਾਈਵਰ ਅੰਮ੍ਰਿਤਪਾਲ ਖਰਬੰਦਾ ਦੇ ਪਰਿਵਾਰ ਨੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਦਰਦਨਾਕ ਬੋਲ ਬੋਲੇ ਤਾਂ ਸੁਣਨ ਵਾਲਿਆਂ ਦੀਆਂ ਅੱਖਾਂ ਭਰ ਆਈਆਂ। ਖਰਬੰਦਾ ਦੀ ਮੌਤ 25 ਮਈ, 2015 ਨੂੰ ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ। ਉਸ ਨਾਲ ਟੈਕਸੀ ਵਿਚ ਸਵਾਰ 25 ਸਾਲਾ ਜੀਲੀਆਨ ਲੈਵਲੀ ਵੀ ਉਸ ਹਾਦਸੇ ਵਿਚ ਮਾਰੀ ਗਈ ਸੀ। ਹਾਦਸੇ ਦੇ ਸਮੇਂ ਮੋਨਟੋਇਆ ਨਾਮੀ ਦੋਸ਼ੀ ਲੜਕਾ ਨਸ਼ੇ ਵਿਚ ਸੀ। ਉਹ ਤੇਜ਼ ਰਫਤਾਰ ਗੱਡੀ ਚਲਾ ਰਿਹਾ ਸੀ ਅਤੇ ਰੈੱਡ ਲਾਈਟ ਕਰਾਸ ਕਰਦਿਆਂ ਉਸ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਉਸ ਦੀ ਗੱਡੀ ਖਰਬੰਦਾ ਦੀ ਟੈਕਸੀ ਵਿਚ ਜਾ ਵੱਜੀ ਅਤੇ ਮੌਕੇ ''ਤੇ ਹੀ ਉਸ ਵਿਚ ਸਵਾਰ ਲੋਕਾਂ ਦੀ ਮੌਤ ਹੋ ਗਈ। 

ਮਾਮਲੇ ਦੀ ਸੁਣਵਾਈ ਦੌਰਾਨ ਖਰਬੰਦਾ ਦੀ 10 ਸਾਲਾ ਧੀ ਰਿਸ਼ਮ ਖਰਬੰਦਾ ਨੇ ਕਿਹਾ ਕਿ ਕਾਸ਼ ਉਹ ਸਮਾਂ ਵਾਪਸ ਆਵੇ ਅਤੇ ਇਸ ਵਾਰ ਉਹ ਆਪਣੇ ਪਿਤਾ ਨੂੰ ਘਰੋਂ ਬਾਹਰ ਨਿਕਲਣ ਹੀ ਨਾ ਦੇਵੇ ਜਾਂ ਫਿਰ ਉਹ ਸਾਰੇ ਉਸ ਕਾਰ ਵਿਚ ਸਵਾਰ ਹੋ ਜਾਂਦੇ, ਜਿਸ ਵਿਚ ਉਸ ਦੇ ਪਿਤਾ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਸ ਤਰ੍ਹਾਂ ਟੁੱਟਣਾ ਨਹੀਂ ਪੈਂਦਾ। ਇਸ ਤਰ੍ਹਾਂ ਉਨ੍ਹਾਂ ਨੂੰ ਉਹ ਦੁੱਖ ਨਾ ਦੇਖਣਾ ਪੈਂਦਾ ਜੋ ਉਨ੍ਹਾਂ ਨੂੰ ਹੁਣ ਝੱਲਣਾ ਪੈ ਰਿਹਾ ਹੈ। 
 ਸੁਣਵਾਈ ਦੌਰਾਨ ਦੋਸ਼ੀ ਮੋਨਟੋਇਆ ਨੇ ਵੀ ਆਪਣਾ ਮੁਆਫੀ ਸੰਦੇਸ਼ ਪੜ੍ਹਿਆ, ਜਿਸ ਵਿਚ ਉਸ ਨੇ ਪੀੜਤ ਪਰਿਵਾਰ ਤੋਂ ਮੁਆਫੀ ਮੰਗੀ। ਉਸ ਨੇ ਕਿਹਾ ਕਿ ਯਕੀਨ ਮੰਨੋਂ ਕਿ ਜੇਕਰ ਅੱਜ ਮੈਨੂੰ ਮੌਕਾ ਮਿਲੇ ਤਾਂ ਮੈਂ ਖੁਦ ਨੂੰ ਉਨ੍ਹਾਂ ਦੇ ਬਦਲੇ ਰੱਖ ਦਿਆਂ ਅਤੇ ਮੌਤ ਨੂੰ ਗਲੇ ਲਗਾ ਲਵਾਂ ਪਰ ਹੁਣ ਮੌਕਾ ਬੀਤ ਚੁੱਕਾ ਹੈ। ਉਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਸੰਦੇਸ਼ ਦਿੱਤਾ ਕਿ ਅਜਿਹਾ ਅਪਰਾਧ ਕਦੇ ਨਾ ਕਰੋ ਕਿਉਂਕਿ ਇਹ ਕਈ ਘਰਾਂ ਦੀਆਂ ਖੁਸ਼ੀਆਂ ਉਜਾੜ ਸਕਦਾ ਹੈ। ਇਸ ਮਾਮਲੇ ਵਿਚ 25 ਨਵੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ।

Kulvinder Mahi

This news is News Editor Kulvinder Mahi