ਆਸਟਰੇਲੀਆ ਸਰਕਾਰ ਨੇ ਕੀਤਾ ਐਲਾਨ, ਹਵਾਈ ਅੱਡਿਆਂ ''ਤੇ ਇਸ ਤਰ੍ਹਾਂ ਹੋਵੇਗੀ ਵਿਅਕਤੀ ਦੀ ਪਛਾਣ

01/24/2017 5:17:03 PM

ਕੈਨਬਰਾ— ਆਸਟਰੇਲੀਆ ਦੀ ਸਰਕਾਰ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਦੇਸ਼ ਦੇ ਸਾਰੇ ਹਵਾਈ ਅੱਡਿਆਂ ''ਤੇ ਸੁਰੱਖਿਆ ਤਕਨੀਕਾਂ ''ਚ ਬਦਲਾਅ ਕੀਤਾ ਜਾਵੇਗਾ ਅਤੇ ਯਾਤਰੀਆਂ ਦੀ ਪਛਾਣ ਲਈ ਪਾਸਪੋਰਟ ਦੀ ਥਾਂ ਦੂਜੇ ਤਕਨੀਕੀ ਬਦਲਾਂ ਨੂੰ ਅਪਣਾਇਆ ਜਾਵੇਗਾ। ਇਹ ਬਦਲ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਦੀ ਪਛਾਣ ਨਾਲ ਸੰਬੰਧਤ ਹੋਣਗੇ। ਭਾਵ ਕਿ ਪਹਿਲਾਂ ਜਿੱਥੇ ਆਸਟਰੇਲੀਆ ''ਚ ਪਾਸਪਰੋਟ ਹੀ ਤੁਹਾਡੀ ਪਛਾਣ ਦਾ ਪੂਰਾ ਵੇਰਵਾ ਦਿੰਦਾ ਸੀ, ਅਜਿਹੇ ਸਿਸਟਮ ਦੇ ਲਾਗੂ ਹੋ ਜਾਣ ਤੋਂ ਬਾਅਦ ਪਾਸਟਪੋਰਟ ਦੀ ਥਾਂ ਉਂਗਲਾਂ ਦੇ ਨਿਸ਼ਾਨ ਅਤੇ ਚਿਹਰੇ ਤੋਂ ਹੀ ਹਵਾਈ ਅੱਡੇ ਤੁਹਾਡੀ ਪਛਾਣ ਯਕੀਨੀ ਬਣਾਈ ਜਾਵੇਗੀ।
ਇਸ ਸੰਬੰਧ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮੀਗਰੇਸ਼ਨ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਇਹ ਤਕਨੀਕੀ ਸਿਸਟਮ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਬੰਦਰਗਾਹਾਂ ''ਤੇ ਸਾਲ 2020 ਤੱਕ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਿਸਟਮ ਦੇ ਲਾਗੂ ਹੋ ਜਾਣ ਨਾਲ ਯਾਤਰੀਆਂ ਨੂੰ ਹਵਾਈ ਅੱਡਿਆਂ ਦੇ ਅੰਦਰ ਦਾਖਲ ਹੋਣ ਅਤੇ ਬਾਹਰ ਨਿਕਲਣ ''ਚ ਕਾਫੀ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਅਜਿਹੇ ਸਿਸਟਮ ਕਾਰਨ ਦੇਸ਼ ਦੀ ਸੁਰੱਖਿਆ ਸੰਬੰਧੀ ਪੈਦਾ ਹੋਣ ਵਾਲੇ ਖਤਰਿਆਂ ਨਾਲ ਅਸਾਨੀ ਨਾਲ ਨਜੱਠਿਆ ਜਾ ਸਕੇਗਾ। ਸ਼੍ਰੀ ਡਟਨ ਮੁਤਾਬਕ ਇਸ ਦੇ ਨਾਲ ਹੀ ਅਜਿਹੇ ਸਿਸਟਮ ਕਾਰਨ ਦੇਸ਼ ਦਾ ਸੈਲਾਨੀ ਖੇਤਰ ਵੀ ਕਾਫੀ ਉਤਸ਼ਾਹਿਤ ਹੋਵੇਗਾ।