ਚੀਨ ਦੀ ਇਕ ਫੈਕਟਰੀ 'ਚ ਧਮਾਕਾ, 2 ਮਰੇ ਤੇ 30 ਜ਼ਖਮੀ

11/26/2017 2:56:03 PM

ਬੀਜਿੰਗ (ਵਾਰਤਾ)— ਚੀਨ ਦੇ ਪੂਰਬੀ ਸੂਬੇ ਜੇਜਿਆਂਗ ਵਿਚ ਇਕ ਫੈਕਟਰੀ ਵਿਚ ਐਤਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਚੀਨ ਦੀ ਸਮਾਚਾਰ ਏਜੰਸੀ ਨੇ ਸਥਾਨਕ ਅਧਿਕਾਰੀਆਂ ਅਤੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਜਿਆਂਗਬੋਈ ਜ਼ਿਲੇ ਦੇ ਨਿੰਗਬੋ ਸ਼ਹਿਰ ਵਿਚ ਇਕ ਫੈਕਟਰੀ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਧਮਾਕਾ ਹੋਇਆ, ਜਿਸ ਵਿਚ ਕੁਝ ਇਮਾਰਤਾਂ ਨਸ਼ਟ ਹੋ ਗਈਆਂ ਹਨ ਅਤੇ ਕਈ ਲੋਕ ਜ਼ਖਮੀ ਹੋਏ ਹਨ। ਪੁਲਸ ਮੁਤਾਬਕ ਇਸ ਇਲਾਕੇ ਦੀਆਂ ਇਮਾਰਤਾਂ ਨੂੰ ਪਹਿਲਾਂ ਹੀ ਢਾਹੁਣ ਦਾ ਆਦੇਸ਼ ਦਿੱਤਾ ਗਿਆ ਸੀ। ਪੁਲਸ ਨੇ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਦੇ ਇਲਾਵਾ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਅਤੇ ਸਥਾਨਕ ਮੀਡੀਆ ਵਿਚ ਜੋ ਤਸਵੀਰਾਂ ਆ ਰਹੀਆਂ ਹਨ, ਉਨ੍ਹਾਂ ਵਿਚ ਇਮਾਰਤਾਂ ਦੇ ਮਲਬੇ ਦਿੱਸ ਰਹੇ ਹਨ।