50 ਸਾਲਾ ਵਿਅਕਤੀ ਨੇ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਹੁਣ ਭੁਗਤੇਗਾ ਸਜ਼ਾ

08/12/2017 6:07:46 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਪੁਲਸ ਨੇ ਇਕ 50 ਸਾਲਾ ਵਿਅਕਤੀ 'ਤੇ 3 ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਮੁਤਾਬਕ ਵਿਅਕਤੀ ਨੇ 15 ਜੁਲਾਈ ਨੂੰ ਪਰਸ਼ੀਅਰ ਘਾਟੀ ਵਿਚ ਵਾਹਟਲੇ ਰੋਡ 'ਤੇ ਸਥਿਤ ਆਪਣੇ ਗੈਸਟ ਹਾਊਸ ਵਿਚ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਸ ਮੁਤਾਬਕ ਇਹ ਵਿਅਕਤੀ ਬੱਚੀ ਅਤੇ ਉਸ ਦੇ ਪਰਿਵਾਰ ਵਾਲਿਆਂ ਲਈ ਅਣਜਾਣ ਸੀ। 
ਵਿਅਕਤੀ ਨੂੰ ਸਿਡਨੀ ਦੇ ਉੱਤਰੀ-ਪੱਛਮੀ ਰੋਜ਼ਵਿਲੇ ਤੋਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਸ਼ਨੀਵਾਰ ਨੂੰ ਪਰਾਮਾਤਾ ਬਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ 'ਤੇ 10 ਸਾਲ ਤੋਂ ਛੋਟੀ ਬੱਚੀ ਨਾਲ ਸਰੀਰਕ ਸੰਬੰਧ ਬਣਾਉਣ ਦਾ ਦੋਸ਼ ਲਗਾਇਆ। 
ਦੋਸ਼ੀ ਵਿਅਕਤੀ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ। ਇਸ ਦੇ ਮੱਦੇਨਜ਼ਰ ਮਾਮਲੇ ਨੂੰ ਸਥਾਨਕ ਅਦਾਲਤ ਵਿਚ 17 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।