''ਰਨ ਫੌਰ ਲਵ'' ਦੇ ਨਾਂ 'ਤੇ ਇਸ ਜੋੜੇ ਨੇ ਤੈਅ ਕੀਤੀ 4700 ਕਿਲੋਮੀਟਰ ਦੀ ਦੂਰੀ

09/20/2017 5:49:21 PM

ਸੰਘਾਈ— ਪਿਆਰ ਵਿਚ ਇਨਸਾਨ ਕੁਝ ਵੀ ਕਰ ਸਕਦਾ ਹੈ। ਇਸ ਗੱਲ ਦੀ ਮਿਸਾਲ ਚੀਨ ਦਾ ਇਕ ਜੋੜਾ ਬਣਿਆ ਹੈ। ਇਸ ਜੋੜੇ ਨੇ ਆਪਣੇ ਹੀ ਦੇਸ਼ ਵਿਚ ਸਿਰਫ 150 ਦਿਨਾਂ ਵਿਚ 4700 ਕਿਲੋਮੀਟਰ ਦੀ ਦੂਰੀ ਦੌੜ ਕੇ ਤੈਅ ਕੀਤੀ ਹੈ। ਇਸ ਯਾਤਰਾ ਦੌਰਾਨ ਉਨ੍ਹਾਂ ਨੇ ਇਕ ਕੁੱਤੇ ਨੂੰ ਵੀ ਆਪਣਾ ਸਾਥੀ ਬਣਾਇਆ ਸੀ।
ਇਸ ਤਰ੍ਹਾਂ ਹੋਈ ਪਹਿਲੀ ਮੁਲਾਕਾਤ
ਇਹ ਦੌੜ ਨੂੰ ਚੀਨ ਦੇ ਰਹਿਣ ਵਾਲੇ 23 ਸਾਲਾ ਯੀਯੀ ਅਤੇ 22 ਸਾਲਾ ਬੀਇਕਵੀਓ ਨੇ ਪੂਰਾ ਕੀਤਾ। ਇਹ ਦੋਵੇਂ ਬੀਤੇ ਸਾਲ ਆਯੋਜਿਤ ਇਕ ਦੌੜ ਮੁਕਾਬਲੇ ਵਿਚ ਪਹਿਲੀ ਵਾਰੀ ਇਕ-ਦੂਜੇ ਨੂੰ ਮਿਲੇ ਸਨ। ਇਸ ਮੁਲਾਕਾਤ ਮਗਰੋਂ ਉਹ ਇਕ-ਦੂਜੇ ਨੂੰ ਲਗਾਤਾਰ ਮਿਲਦੇ ਰਹੇ ਅਤੇ ਜਲਦੀ ਹੀ ਦੋਹਾਂ ਨੇ ਵਿਆਹ ਕਰ ਲਿਆ।
ਯਾਤਰਾ ਲਈ ਬਣਾਈ ਇਕ ਸਾਹਸੀ ਯੋਜਨਾ
ਇਸ ਜੋੜੇ ਨੇ ਅਪ੍ਰੈਲ ਵਿਚ ਚੀਨ ਦੇ ਝੇਜਿਆਂਗ ਸੂਬੇ ਦੇ ਹਾਂਗਜੋ ਸ਼ਹਿਰ ਤੋਂ ਤਿੱਬਤ ਦੇ ਲਹਾਸਾ ਤੱਕ ਦੀ ਦੌੜ ਸ਼ੁਰੂ ਕੀਤੀ ਸੀ। ਇਸ ਯਾਤਰਾ ਲਈ ਯੀਯੀ ਨੇ 4700 ਕਿਲੋਮੀਟਰ ਦੀ ਇਕ ਸਾਹਸੀ ਯੋਜਨਾ ਬਣਾਈ ਅਤੇ ਇਸ ਨੂੰ ''ਰਨ ਫੌਰ ਲਵ'' ਦਾ ਨਾਂ ਦਿੱਤਾ। ਇਸ ਦੌੜ ਦੀ ਸ਼ੁਰੂਆਤ ਇਸ ਜੋੜੇ ਨੇ 14 ਅਪ੍ਰੈਲ ਨੂੰ ਸ਼ਹਿਰ ਦੇ ਪੱਛਮੀ ਕੋਨੇ 'ਤੇ ਸਥਿਤ ਇਕ ਝੀਲ ਤੋਂ ਕੀਤੀ।
ਬੀਇਕਵੀਓ ਨੇ ਦੱਸਿਆ ਕਿ ਉਸ ਨੂੰ 'ਦ ਲੀਜੈਂਡ ਆਫ ਦ ਵਾਈਟ ਸਨੇਕ' ਫਿਲਮ ਬਹੁਤ ਪਸੰਦ ਹੈ ਕਿਉਂਕਿ ਇਸ ਫਿਲਮ ਦੀ ਸ਼ਰੂਆਤ ਵੀ ਇਸੇ ਝੀਲ ਕਿਨਾਰੇ ਸ਼ੁਰੂ ਹੋਈ ਸੀ। ਉਸ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਾਡੀ ਯਾਤਰਾ ਤੋਂ ਬਹੁਤ ਉਮੀਦਾਂ ਸਨ ਅਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਣ ਦੀ ਕੋਸ਼ਿਸ ਕੀਤੀ ਹੈ।
ਦੌੜ ਪੂਰੀ ਕਰਨ ਲਈ ਬੀਇਕਵੀਓ ਨੇ ਦਿੱਤੀ ਇਹ ਕੁਰਬਾਨੀ
ਇਸ ਜੋੜੇ ਨੇ ਲਹਾਸਾ ਦੇ ਪੋਤਾਲਾ ਪੈਲੇਸ ਦੇ ਸਕਵਾਇਰ ਤੱਕ ਪਹੁੰਚਣ ਵਿਚ 150 ਦਿਨ ਦਾ ਸਮਾਂ ਲਿਆ ਅਤੇ ਲੱਗਭਗ 112 ਮੈਰਾਥਨ ਦੀ ਦੂਰੀ ਵੀ ਪੂਰੀ ਕੀਤੀ। ਇਸ ਦੌੜ ਦੌਰਾਨ ਉਨ੍ਹਾਂ ਨੇ ਖਾਣਾ ਵੀ ਖੁਦ ਬਣਾਇਆ ਅਤੇ ਸੜਕੇ ਕਿਨਾਰੇ ਹੀ ਟੈਂਟ ਲਗਾ ਕੇ ਰਹਿਣ ਦਾ ਪ੍ਰਬੰਧ ਕੀਤਾ। ਇਸ ਦੌੜ ਨੂੰ ਪੂਰੀ ਕਰਨ ਲਈ ਬੀਇਕਵੀਓ ਨੇ ਸਿਰ ਦੇ ਵਾਲ ਕਟਵਾ ਦਿੱਤੇ ਸਨ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਰੁਕਾਵਟ ਆਵੇ।
ਦੌੜ ਮਗਰੋਂ ਹੋਇਆ ਇਹ ਅਹਿਸਾਸ


ਇਸ ਦੇ ਇਲਾਵਾ ਰਸਤੇ ਵਿਚ ਉਨ੍ਹਾਂ ਨੇ ਇਕ ਕੁੱਤੇ ਨੂੰ ਗੋਦ ਲਿਆ, ਜਿਸ ਦਾ ਨਾਂ 'ਮਾਲਾ' ਰੱਖਿਆ। ਯਾਤਰਾ ਦੇ ਆਪਣੇ ਅਨੁਭਵ ਬਾਰੇ ਬੀਇਕਵੀਓ ਨੇ ਦੱਸਿਆ,''ਇਸ ਨਾਲ ਸਾਡਾ ਦੋਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਹੁਣ ਅਸੀਂ ਆਸਾਨੀ ਨਾਲ ਇਕ-ਦੂਜੇ ਤੋਂ ਵੱਖ ਨਹੀਂ ਹੋ ਸਕਦੇ।''