ਇਸ ਸਾਲ ਰਿਕਾਰਡ ਗਿਣਤੀ ''ਚ ਪਰਬਤਾਰੋਹੀ ਪੁੱਜੇ ਐਵਰੈਸਟ

06/19/2019 3:43:31 PM

ਕਾਠਮਾਂਡੂ— ਇਸ ਸਾਲ ਮਈ 'ਚ ਰਿਕਾਰਡ 885 ਲੋਕਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਐਵਰੈਸਟ ਦੀ ਚੜ੍ਹਾਈ ਕੀਤੀ। ਇਸ ਸੀਜ਼ਨ 'ਚ ਇਸ ਚੋਟੀ 'ਤੇ 11 ਪਰਬਤਾਰੋਹੀਆਂ ਦੀ ਜਾਨ ਵੀ ਚਲੇ ਗਈ। ਪਿਛਲੇ ਸਾਲ 807 ਲੋਕਾਂ ਨੇ ਐਵਰੈਸਟ ਦੀ ਚੜ੍ਹਾਈ ਕੀਤੀ ਸੀ। ਨੇਪਾਲ ਅਤੇ ਚੀਨ ਵਿਚਕਾਰ ਸਰਹੱਦ 'ਤੇ ਦੋਵੇਂ ਪਾਸਿਓਂ ਐਵਰੈਸਟ 'ਤੇ ਇਸ ਸਾਲ 644 ਲੋਕਾਂ ਨੇ ਦੱਖਣ ਵਾਲੇ ਹਿੱਸੇ 'ਤੇ ਚੜ੍ਹਾਈ ਕੀਤੀ। ਇਹ ਗਿਣਤੀ ਪਿਛਲੇ ਸਾਲ 563 ਸੀ। 

ਚੀਨ ਦੀ ਸਮਾਚਾਰ ਏਜੰਸੀ ਮੁਤਾਬਕ ਤਿੱਬਤ 'ਚ ਉੱਤਰੀ ਹਿੱਸੇ ਦੇ ਐਵਰੈਸਟ 'ਤੇ ਚੜ੍ਹਨ ਵਾਲਿਆਂ ਦੀ ਗਿਣਤੀ ਇਸ ਸਾਲ 241 ਰਹੀ ਜੋ ਪਿਛਲੇ ਸਾਲ 244 ਸੀ। ਇਸ ਸਾਲ ਜਾਨ ਗੁਆਉਣ ਵਾਲੇ ਪਰਬਤਾਰੋਹੀਆਂ ਦੀ ਮੌਤ ਦਾ ਕਾਰਨ ਇਸ ਚੋਟੀ 'ਤੇ ਚੜ੍ਹਨ ਵਾਲਿਆਂ ਦੀ ਭੀੜ ਨੂੰ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਐਵਰੈਸਟ ਮਿਸ਼ਨ ਦੌਰਾਨ 2015 'ਚ ਉਸ ਸਮੇਂ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਗਈ ਸੀ ਜਦ ਇੱਥੇ ਭੂਚਾਲ ਕਾਰਨ ਢਿੱਗਾਂ ਡਿੱਗ ਗਈਆਂ ਸਨ। 

ਇਸ ਵਾਰ ਭੀੜ ਵਧੇਰੇ ਹੋਣ ਕਾਰਨ ਐਵਰੈਸਟ ਮਾਰਗ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਹੋਈ ਅਤੇ ਲੋਕਾਂ ਨੂੰ 8,848 ਮੀਟਰ ਉੱਚੀ ਇਸ ਚੋਟੀ 'ਤੇ ਚੜ੍ਹਨ ਅਤੇ ਉਤਰਨ 'ਚ ਕਾਫੀ ਸਮਾਂ ਉਡੀਕ ਕਰਨੀ ਪਈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਬਤਾਰੋਹੀ ਸੈਲਾਨੀਆਂ 'ਚੋਂ ਕਈ ਤਾਂ ਬਿਲਕੁਲ ਨਵੇਂ ਸਨ ਅਤੇ ਉਨ੍ਹਾਂ ਦੀ ਘੱਟ ਤਿਆਰੀ ਮਹਿੰਗੀ ਪਈ। ਅਜਿਹੀ ਸਥਿਤੀ ਦਾ ਸਾਹਮਣਾ ਮੁੜ ਨਾ ਕਰਨਾ ਪਵੇ, ਇਸ ਲਈ ਪਰਬਤਾਰੋਹੀਆਂ ਦੇ ਪਰਮਿਟ ਦੀ ਗਿਣਤੀ 'ਚ ਕਟੌਤੀ ਕਰਨ ਦੀ ਅਪੀਲ ਕੀਤੀ ਗਈ ਹੈ।