ਵੱਡੀ ਗਿਣਤੀ ''ਚ ਬ੍ਰਿਟੇਨ ਛੱਡ ਕੇ ਜਾ ਰਹੇ ਹਨ ਯੂਰੋਪ ਦੇ ਲੋਕ

08/25/2017 5:09:00 AM

ਲੰਡਨ (ਰਾਜਵੀਰ ਸਮਰਾ)— ਬ੍ਰਿਟੇਨ ਦੀ ਇਮੀਗ੍ਰੇਸ਼ਨ 'ਚ ਬੀਤੇ ਵਰ੍ਹੇ ਰਿਕਾਰਡ ਤੋੜ ਗਿਰਾਵਟ ਵੇਖੀ ਗਈ ਹੈ। ਮਾਰਚ 2017 ਤੱਕ ਯੂ.ਕੇ. 'ਚ 81000 ਘੱਟ ਕੇ 24600 ਤੱਕ ਪਹੁੰਚੀ ਹੈ, ਸਭ ਤੋਂ ਵੱਡੀ ਗਿਣਤੀ 51,000 ਯੂਰਪੀਅਨ ਨਾਗਰਿਕਾਂ ਦੀ ਹੈ। ਜਦ ਕਿ ਸਰਕਾਰ ਵੱਲੋਂ ਮੂਲ ਇਮੀਗ੍ਰੇਸ਼ਨ 1 ਲੱਖ ਤੱਕ ਲਿਆਉਣ ਦਾ ਟੀਚਾ ਹੈ। ਇਮੀਗ੍ਰੇਸ਼ਨ ਮੰਰੀ ਬਰਾਂਡਨ ਲਿਊਸ ਨੇ ਨਵੇਂ ਅੰਕੜਿਆਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਚੰਗੀ ਗੱਲ ਹੈ ਕਿ ਮੂਲ ਇਮੀਗ੍ਰੇਸ਼ਨ ਅੰਕੜੇ ਘੱਟ ਰਹੇ ਹਨ ਪਰ ਦੂਜੇ ਪਾਸੇ ਕਾਰੋਬਾਰੀ ਗਰੁੱਪ ਇਸ ਬਾਰੇ ਚਿੰਤਤ ਹੈ। ਅੰਕੜੇ ਰੱਖਣ ਵਾਲੀ ਸਰਕਾਰੀ ਸੰਸਥਾ ਓ.ਐੱਨ.ਐੱਸ. ਅਨੁਸਾਰ 8 ਯੂਰਪੀਅਨ ਦੇਸ਼ਾਂ ਚੈੱਕ ਰੀਪਬਲਿਕ, ਅਸਟੋਨੀਆ, ਹੰਗਰੀ, ਲਾਤਵੀਆ, ਲਿਥੂਨੀਆ, ਪੋਲੈਂਡ, ਸਲੋਵਾਕੀਆ ਅਤੇ ਸਲੋਵੀਨੀਆ ਦੇ ਨਾਗਰਿਕਾਂ ਦੀ ਗਿਣਤੀ 17000 ਵਧੀ ਹੈ। ਓ.ਐੱਨ.ਐੱਸ. ਦੇ ਬੁਲਾਰੇ ਅਨੁਸਾਰ ਇਹ ਯੂਰਪੀਅਨ ਯੂਨੀਅਨ ਰਾਇਸ਼ੁਮਾਰੀ ਦੇ ਨਤੀਜੇ ਕਰਕੇ ਹੈ। ਸਰਕਾਰ ਪਹਿਲੀ ਵਾਰ ਯੂ.ਕੇ. ਛੱਡ ਕੇ ਜਾਣ ਵਾਲਿਆਂ ਦਾ ਪੂਰਾ ਡਾਟਾ ਇਕੱਠਾ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੌਣ ਵਾਪਸ ਜਾ ਰਿਹਾ ਹੈ। ਮਾਰਚ 2017 ਦਾ ਡਾਟਾ ਇਹ ਦਰਸਾਉਂਦਾ ਹੈ ਕਿ 97 ਫੀਸਦੀ ਗ਼ੈਰ ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਵੀਜ਼ਾ ਸ਼ਰਤਾਂ ਮੰਨ ਕੇ ਵਾਪਸ ਜਾ ਰਹੇ ਹਨ ਜਾਂ ਵੀਜ਼ੇ ਦੀ ਮਿਆਦ ਵਧਾ ਰਹੇ ਹਨ, ਜਦ ਕਿ ਬਾਕੀ 3 ਫੀਸਦੀ ਜਿਨ੍ਹਾਂ ਦੀ ਵੀਜ਼ਾ ਮਿਆਦ ਲੰਘ ਚੁੱਕੀ ਹੈ, ਬਾਰੇ ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਕੀ ਕੀਤਾ ਹੈ। ਅੰਕੜਿਆਂ ਅਨੁਸਾਰ 95 ਫੀਸਦੀ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਪੂਰੀ ਹੋਣ 'ਤੇ ਦੇਸ਼ ਛੱਡ ਕੇ ਜਾ ਚੁੱਕੇ ਹਨ ਜਾਂ ਕਿਸੇ ਕਾਰਨ ਉਨ੍ਹਾਂ ਨੂੰ ਇਥੇ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਇਕ ਹੋਰ ਅੰਕੜਿਆਂ ਅਨੁਸਾਰ ਫਰਾਂਸ ਬੰਦਰਗਾਹ ਜਾਂ ਟਰਮੀਨਲ ਰਾਹੀਂ ਯੂ.ਕੇ. 'ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ 56,000 ਲੋਕਾਂ ਦੀ ਕੋਸ਼ਿਸ਼ ਨੂੰ ਬੀਤੇ ਵਰ੍ਹੇ ਪੁਲਸ ਨੇ ਨਾਕਾਮ ਕੀਤਾ ਹੈ। ਰੋਜ਼ਾਨਾ ਔਸਤਨ 153 ਲੋਕ ਫਰਾਂਸ ਤੋਂ ਯੂ.ਕੇ. 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਸਰਕਾਰ ਵੱਲੋਂ ਜਾਣਕਾਰੀ ਦੀ ਆਜ਼ਾਦੀ ਐਕਟ ਤਹਿਤ ਮਿਲੀ ਸੂਚਨਾ ਅਨੁਸਾਰ 2015 ਦੇ ਮੁਕਾਬਲੇ ਇਹ ਗਿਣਤੀ 25,000 ਘਟੀ ਹੈ।