28 ਮਾਰਚ ਤੋਂ ਯੂਰਪ ਦੀਆਂ ਘੜੀਆਂ ਹੋਣਗੀਆਂ 1 ਘੰਟਾ ਅੱਗੇ

03/26/2021 2:31:11 PM

ਰੋਮ/ਇਟਲੀ (ਦਲਵੀਰ ਕੈਂਥ)- ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਇੱਕਸਾਰ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲਿਆ ਜਾਂਦਾ ਹੈ। ਮਾਰਚ ਮਹੀਨੇ ਦੇ ਅਖ਼ੀਰਲੇ ਸ਼ਨੀਵਾਰ ਨੂੰ ਰਾਤ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ। ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਰਾਤ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਤੇ ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖੀਰਲੇ ਸ਼ਨੀਵਾਰ ਤੱਕ ਚੱਲਦਾ ਰਹਿੰਦਾ ਹੈ। 

ਸਮੇਂ 'ਚ ਤਬਦੀਲੀ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਰਹਿੰਦਾ ਹੈ ਕਦੇ ਉਹ ਕੰਮ 'ਤੇ ਇੱਕ ਘੰਟਾ ਪਹਿਲਾਂ ਚੱਲੇ ਜਾਂਦੇ ਹਨ ਤੇ ਕਦੇ ਇੱਕ ਘੰਟਾ ਲੇਟ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਯੂਰਪ ਸਮਾਂ ਬਦਲਣ ਦੀ ਪ੍ਰਕਿਰਿਆ ਸੰਨ 2001 ਤੋਂ ਚਲੀ ਆ ਰਹੀ ਹੈ। ਬੇਸ਼ੱਕ ਸਮੇਂ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੰਦੇ ਹਨ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਤਬਦੀਲੀ ਨੂੰ ਗਲਤ ਨਹੀਂ ਠਹਿਰਾਇਆ।

ਪਰ ਹੁਣ ਲੱਗਦਾ ਹੈ ਕਿ ਪੂਰੇ ਯੂਰਪ ਵਿਚ ਸਮਾਂ ਬਦਲਣ ਦੀ ਇਸ ਪ੍ਰਕਿਰਿਆ ਨੂੰ ਮਾਰਚ 2021 ਤੋਂ ਠੱਲ੍ਹ ਪੈ ਜਾਵੇਗੀ। ਕਿਉਂਕਿ ਯੂਰਪੀਅਨ ਕਮਿਸ਼ਨ ਨੇ ਯੂਰਪ ਦੇ ਇਸ ਸਮਾਂ ਬਦਲਣ ਦੀ ਪ੍ਰਕਿਰਿਆ 'ਤੇ ਰੋਕ ਲਗਾਉਣ ਦਾ ਸੁਝਾਅ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਂਟ ਵਿਚ ਰੱਖਿਆ ਸੀ, ਜਿਸ 'ਤੇ ਸਾਰਥਿਕ ਕਾਰਵਾਈ ਹੋ ਰਹੀ ਹੈ। ਯੂਰਪੀਅਨ ਕਮਿਸ਼ਨ ਅਨੁਸਾਰ ਸਮੇਂ ਦੀ ਇਸ ਅਦਲਾ ਬਦਲੀ ਵਿਚ 28 ਦੇਸ਼ ਪ੍ਰਭਾਵਿਤ ਹੁੰਦੇ ਹਨ। ਯੂਰਪੀਅਨ ਕਮਿਸ਼ਨ ਦੇ ਇਸ ਸੁਝਾਅ 'ਤੇ ਕਾਫ਼ੀ ਵਿਚਾਰ-ਚਰਚਾ ਦੇ ਬਾਅਦ ਇਹ ਮਤਾ ਬੀਤੇ ਸਮੇਂ ਦੌਰਾਨ ਸੰਸਦ ਵਿੱਚ 410 ਵੋਟਾਂ ਨਾਲ ਪਾਸ ਹੋ ਗਿਆ ਹੈ। ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰਕਿਰਿਆ ਮਾਰਚ 2021 ਤੋਂ ਬੰਦ ਕਰ ਦਿੱਤੀ ਜਾਵੇਗੀ।

ਯੂਰਪੀਅਨ ਯੂਨੀਅਨ ਵੱਲੋਂ ਸਮਾਂ ਬਦਲਣ ਦੀ ਪ੍ਰਕਿਰਿਆ ਦਾ ਮੁੱਖ ਮੰਤਵ ਯੂਰਪੀ ਦੇਸ਼ਾਂ ਵਿੱਚ ਅੰਦਰੂਨੀ ਕਾਰੋਬਾਰ ਨੂੰ ਪ੍ਰਫੁਲੱਤ ਕਰਨਾ ਅਤੇ ਊਰਜਾ ਦੀ ਲਾਗਤ ਨੂੰ ਘਟਾਉਣਾ ਸੀ ਪਰ ਇਸ ਬਦਲਾਅ ਨਾਲ ਲੋਕਾਂ ਦਾ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਸੀ, ਜਿਸ ਲਈ ਯੂਰਪੀਅਨ ਕਮਿਸ਼ਨ ਨੂੰ ਇਸ ਬਾਬਤ ਆਪਣਾ ਸੁਝਾਅ ਯੂਰਪੀਅਨ ਪਾਰਲੀਮੈਂਟ ਵਿੱਚ ਰੱਖਣਾ ਪਿਆ ਸੀ, ਜਿਸ 'ਤੇ ਇਤਰਾਜ਼ਗੀ ਲਈ 1 ਇੱਕ ਸਾਲ ਦਾ ਸਮਾਂ ਸੀ, ਜਿਹੜਾ ਕਿ ਹੁਣ ਲੰਘ ਚੁੱਕਾ ਹੈ। ਇਸ ਮਤੇ ਲਈ ਕਿਸੇ ਵੀ ਤਰ੍ਹਾਂ ਦੀ ਇਤਰਾਜ਼ਗੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਦੇ ਮੱਦੇਨਜ਼ਰ ਯੂਰਪੀਅਨ ਯੂਨੀਅਨ ਇਹ ਮਤਾ ਮਾਰਚ 2021 ਤੋਂ ਲਾਗੂ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਸਮੇਂ ਦੇ ਬਦਲਾਅ ਨੂੰ ਬੰਦ ਕਰਨ ਸਬੰਧੀ ਯੂਰਪੀਅਨ ਯੂਨੀਅਨ ਦੀ ਹੁਣ ਤੱਕ ਕੋਈ ਜਾਣਕਾਰੀ ਨਸ਼ਰ ਨਹੀਂ ਹੋਈ । ਜੇਕਰ ਇਹ ਸਮੇਂ ਦੇ ਬਦਲਾਅ ਦਾ ਸਿਲਸਿਲਾ ਬੰਦ ਹੋ ਜਾਂਦਾ ਹੈ ਤਾਂ ਯੂਰਪ ਦੇ ਬਾਸ਼ਿੰਦਿਆਂ ਨੂੰ ਸਮੇਂ ਦੇ ਬਦਲਾਅ ਨਾਲ ਪੇਸ਼ ਆਉਂਦੀ ਪਰੇਸ਼ਾਨੀਆਂ ਨੂੰ ਠੱਲ੍ਹ ਪੈ ਸਕਦੀ ਹੈ ਪਰ ਕਦੋਂ ਇਹ ਯੂਰਪੀਅਨ ਯੂਨੀਅਨ ਹੀ ਦੱਸ ਸਕਦੀ ਹੈ।

cherry

This news is Content Editor cherry