8000 ਕਰੋੜਪਤੀਆਂ ਨੂੰ ਕੈਨੇਡਾ ਵਿਚ ਮਿਲਿਆ ਨਵਾਂ ਟਿਕਾਣਾ!

02/24/2017 6:08:44 PM

ਓਟਾਵਾ— ਕੈਨੇਡਾ ਨੇ ਪਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹੇ ਹੋਏ ਹਨ ਅਤੇ ਉਹ ਹਰ ਵਿਅਕਤੀ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕਰਦਾ ਹੈ। ਇੱਥੇ ਦੱਸ ਦੇਈਏ ਕਿ ਵਧੀਆ ਜੀਵਨ ਦੀ ਆਸ ਵਿਚ ਕੈਨੇਡਾ ਆਉਣ ਵਾਲੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਵੀ ਕਮੀ ਨਹੀਂ ਹੈ, ਜਿਨ੍ਹਾਂ ''ਤੇ ਰੱਬ ਪਹਿਲਾਂ ਹੀ ਮਿਹਰਬਾਨ ਹੈ। ਬੀਤੇ ਸਾਲ ਕੈਨੇਡਾ ਵਿਚ 8,000 ਦੇ ਕਰੀਬ ਕਰੋੜਪਤੀ ਪਰਵਾਸੀ ਆਏ। ਇਸ ਮਾਮਲੇ ਵਿਚ ਆਸਟਰੇਲੀਆ ਅਤੇ ਅਮਰੀਕਾ, ਕੈਨੇਡਾ ਤੋਂ ਉੱਤੇ ਹਨ। ਆਸਟਰੇਲੀਆ ਵਿਚ ਬੀਤੇ ਸਾਲ 11000 ਕਰੋੜਪਤੀ ਪਰਵਾਸੀ ਆਏ ਜਦੋਂ ਕਿ 10,000 ਕਰੋੜਪਤੀ ਪਰਵਾਸੀ ਅਮਰੀਕਾ ਵਿਚ ਵੱਸ ਗਏ। ਦੱਖਣੀ ਅਫਰੀਕਾ ਆਧਾਰਤ ਖੋਜ ਸਮੂਹ ''ਨਿਊ ਵਰਲਡ ਵੈਲਥ'' ਦੀ ਰਿਪੋਰਟ ਮੁਤਾਬਕ ਬੀਤੇ ਸਾਲ ਕੁੱਲ 82,000 ਕਰੋੜਪਤੀ ਆਪਣੇ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਜਾ ਕੇ ਵੱਸ ਗਏ। ਇਹ ਅੰਕੜਾ ਸਾਲ 2015 ਦੇ 64,000 ਕਰੋੜਪਤੀ ਪਰਵਾਸੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਹ ਲੋਕ ਵਧੀਆ ਸਿੱਖਿਆ ਸਹੂਲਤਾਂ ਅਤੇ ਸੁਰੱਖਿਆ ਦੇ ਮਾਪਦੰਡਾਂ ਦੇ ਲਿਹਾਜ਼ ਨਾਲ ਨਵੇਂ ਦੇਸ਼ ਦੀ ਚੋਣ ਕਰਦੇ ਹਨ। 
ਇਸ ਰਿਪੋਰਟ ਮੁਤਾਬਕ ਤਕਰੀਬਨ 12,000 ਕਰੋੜਪਤੀਆਂ ਨੇ ਬੀਤੇ ਸਾਲ ਫਰਾਂਸ ਛੱਡਿਆ। ਮੰਨਿਆ ਜਾ ਰਿਹਾ ਹੈ ਧਰਮ ਨੂੰ ਲੈ ਕੇ ਵਧ ਰਹੇ ਤਣਾਅ ਅਤੇ ਵਧਦੇ ਹੋਏ ਟੈਕਸਾਂ ਕਾਰਨ ਇਹ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਇਸ ਤੋਂ ਇਲਾਵਾ 9,000 ਕਰੋੜਪਤੀ ਲੋਕ ਚੀਨ ਅਤੇ 8,000 ਕਰੋੜਪਤੀ ਬ੍ਰਾਜ਼ੀਲ ਛੱਡ ਕੇ ਹੋਰ ਦੇਸ਼ਾਂ ਵਿਚ ਜਾ ਕੇ ਵੱਸ ਗਏ।

Kulvinder Mahi

This news is News Editor Kulvinder Mahi