ਪਹਿਲੀ ਮੁਸਲਿਮ ''ਮਿਸ ਆਸਟ੍ਰੇਲੀਆ'' ਨੇ ਸਮਲਿੰਗੀ ਵਿਆਹ ਦੇ ਪੱਖ ਵਿਚ ਚੁੱਕੀ ਆਵਾਜ਼

10/22/2017 3:38:37 PM


ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਪਹਿਲੀ ਮੁਸਲਿਮ ਸੁੰਦਰੀ ਐਸਮਾ ਵੋਲੋਦੇਰ ਸਮਲਿੰਗੀ ਵਿਆਹ ਦੇ ਪੱਖ ਵਿਚ ਹੈ। ਐਸਮਾ ਨੇ ਇਸ ਸਾਲ ਜੁਲਾਈ ਵਿਚ ਮਿਸ ਆਸਟ੍ਰੇਲੀਆ ਦਾ ਖਿਤਾਬ ਜਿੱਤਿਆ। ਜਦੋਂ ਐਸਮਾ ਮਿਸ ਆਸਟ੍ਰੇਲੀਆ ਬਣੀ ਤਾਂ ਆਯੋਜਕਾਂ 'ਤੇ ਸਵਾਲ ਚੁੱਕੇ ਗਏ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਖਰਕਾਰ ਉਨ੍ਹਾਂ ਨੇ ਇਕ ਮੁਸਲਿਮ ਨੂੰ ਕਿਵੇਂ ਮਿਸ ਆਸਟ੍ਰੇਲੀਆ ਦਾ ਤਾਜ ਪਹਿਨਾ ਦਿੱਤਾ। ਆਲੋਚਨਾਵਾਂ ਤੋਂ ਬਾਅਦ ਵੀ ਐਸਮਾ ਨੇ ਕਿਹਾ ਸੀ ਕਿ ਮੈਂ ਆਪਣੇ ਆਲੋਚਕਾਂ ਨੂੰ ਮੁਆਫ਼ ਕਰ ਦਿੱਤਾ ਹੈ, ਕਿਉਂਕਿ ਮੈਂ ਉਨ੍ਹਾਂ ਦੀ ਮੰਸ਼ਾ ਨਹੀਂ ਜਾਣਦੀ ਕਿ ਉਹ ਅਜਿਹਾ ਕਿਉਂ ਬੋਲਦੇ ਹਨ। 
ਦੱਸਣਯੋਗ ਹੈ ਕਿ ਐਸਮਾ ਮਿਸ ਵਰਲਡ ਦਾ ਤਾਜ ਹਾਸਲ ਕਰਨ ਲਈ ਚੀਨ ਦੇ ਸਫਰ 'ਤੇ ਨਿਕਲ ਚੁੱਕੀ ਹੈ। ਇੱਥੇ ਉਹ ਆਸਟ੍ਰੇਲੀਆ ਦੇ ਸੱਭਿਆਚਾਰਕ ਪਛਾਣ ਦੀ ਅਗਵਾਈ ਕਰੇਗੀ। ਚੀਨ ਵਿਚ 19 ਨਵੰਬਰ ਨੂੰ ਮਿਸ ਵਰਲਡ ਦਾ ਐਲਾਨ ਕੀਤਾ ਜਾਵੇਗਾ।  
25 ਸਾਲਾ ਐਸਮਾ ਦਾ ਪਰਿਵਾਰ ਬੋਸਨੀਆ ਵਿਚ ਰਹਿੰਦਾ ਸੀ, ਜਦੋਂ ਬੋਸਨੀਆ ਹਿੰਸਾ ਦੀ ਲਪੇਟ ਵਿਚ ਆ ਗਿਆ ਤਾਂ ਇਕ ਸ਼ਰਨਾਰਥੀ ਕੈਂਪ ਵਿਚ ਉਨ੍ਹਾਂ ਦਾ ਜਨਮ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਆ ਗਿਆ। ਚੀਨ ਰਵਾਨਾ ਹੋਣ ਤੋਂ ਪਹਿਲਾਂ ਐਸਮਾ ਨੇ ਇੰਸਟਾਗ੍ਰਾਮ ਪੋਸਟ 'ਤੇ ਲੋਕਾਂ ਤੋਂ ਆਪਣੇ ਲਈ ਦੁਆਵਾਂ ਮੰਗੀਆਂ। ਸਮਲਿੰਗੀ ਵਿਆਹ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਸਾਰਿਆਂ ਨੂੰ ਸਵੀਕਾਰ ਕਰਨਾ ਆਸਟ੍ਰੇਲੀਆ ਦੀ ਸੰਸਕ੍ਰਿਤੀ ਹੈ ਅਤੇ ਇਹ ਅਜਿਹੀ ਚੀਜ਼ ਹੈ ਜਿਸ 'ਤੇ ਸਾਨੂੰ ਫੋਕਸ ਕਰਦੇ ਰਹਿਣਾ ਚਾਹੀਦਾ ਅਤੇ ਸਾਨੂੰ ਇਸ 'ਤੇ ਇੱਜ਼ਤ ਨਾਲ ਗੱਲ ਕਰਨੀ ਚਾਹੀਦੀ ਹੈ। ਐਸਮਾ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਜੋ ਕੁਝ ਵੀ ਬੋਲਦੀ ਹਾਂ, ਉਸ ਬਾਰੇ ਬੇਹੱਦ ਸੁਚੇਤ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੈਂ ਆਪਣੀ ਸਮਝ ਨਾਲ ਸਭ ਤੋਂ ਚੰਗਾ ਕਰਨਾ ਚਾਹੁੰਦੀ ਹਾਂ।