ਸ਼ਖਸ ਨੇ 90 ਸਾਲ ਪੁਰਾਣੇ ਰੁੱਖ ਨੂੰ ਪਹੁੰਚਾਇਆ ਨੁਕਸਾਨ, ਲੱਗਾ 55 ਲੱਖ ਰੁਪਏ ਜ਼ੁਰਮਾਨਾ

12/24/2019 5:42:04 PM

ਲੰਡਨ (ਬਿਊਰੋ): ਇੰਗਲੈਂਡ ਵਿਚ ਇਕ ਵਿਅਕਤੀ ਨੂੰ ਰੁੱਖ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ। ਇੱਥੇ ਅਸੈਕਸ ਦੇ ਰਹਿਣ ਵਾਲੇ ਇਕ ਵਿਅਕਤੀ 'ਤੇ ਰੁੱਖ ਦਾ ਤਣਾ ਛਿੱਲਣ ਦੇ ਦੋਸ਼ ਵਿਚ 55 ਲੱਖ ਰੁਪਏ (60 ਹਜ਼ਾਰ ਪੌਂਡ) ਦਾ ਜ਼ੁਰਮਾਨਾ ਲਗਾਇਆ ਗਿਆ। ਅਸਲ ਵਿਚ ਸਟੀਫਨ ਲਾਰੈਂਸ ਨੇ ਪਹਿਲਾਂ ਤਾਂ ਰੁੱਖ ਨੂੰ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਦੋ ਐਪਲੀਕੇਸਨਾਂ ਦਿੱਤੀਆਂ ਸਨ ਜੋ ਖਾਰਿਜ ਹੋ ਗਈਆਂ। ਇਸ ਦੇ ਬਾਅਦ ਲਾਰੈਂਸ ਨੇ ਰੁੱਖ ਦੇ ਤਣੇ ਨੂੰ ਛਿੱਲਿਆ ਅਤੇ ਉਸ ਵਿਚ ਦੋ ਛੇਦ ਕਰ ਦਿੱਤੇ ਤਾਂ ਜੋ ਉਹ ਸੁੱਕ ਜਾਵੇ ਅਤੇ ਉਸ ਨੂੰ ਹਟਾਉਣਾ ਸੋਖਾ ਹੋ ਜਾਵੇ। 

ਸ਼ਿਕਾਇਤ ਮਿਲਣ 'ਤੇ ਕੌਂਸਲ ਨੇ ਮੰਨਿਆ ਕਿ ਲਾਰੈਂਸ ਨੇ ਰੁੱਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਨਾਲ ਉਹ ਡਿੱਗ ਸਕਦਾ ਹੈ। ਅਫਸਰਾਂ ਨੇ ਲਾਰੈਂਸ ਨੂੰ ਗਲਤੀ 'ਤੇ 12 ਦਸੰਬਰ ਨੂੰ ਸਥਾਨਕ ਕੋਰਟ ਵਿਚ ਪੇਸ਼ ਕੀਤਾ, ਜਿੱਥੇ ਉਸ ਨੇ ਜਾਣ ਬੁੱਝ ਕੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸਵੀਕਾਰ ਕੀਤੀ।ਇਸ ਦੇ ਬਾਅਦ ਕੋਰਟ ਨੇ ਪਹਿਲੇ ਆਦੇਸ਼ ਵਿਚ ਲਾਰੈਂਸ 'ਤੇ ਕਰੀਬ 83 ਲੱਖ ਰੁਪਏ (90 ਹਜ਼ਾਰ ਪੌਂਡ) ਦਾ ਜ਼ੁਰਮਾਨਾ ਲਗਾਇਆ। ਇਸ ਵਿਚ 92 ਹਜ਼ਾਰ ਰੁਪਏ (1004 ਪੌਂਡ) ਰੁੱਖ ਦੀ ਕੀਮਤ ਅਤੇ 2949 ਰੁਪਏ (32 ਪੌਂਡ) ਸਰਚਾਰਜ ਲਗਾਇਆ ਗਿਆ। ਭਾਵੇਂਕਿ ਬਾਅਦ ਵਿਚ ਲਾਰੈਂਸ ਵਲੋਂ ਬੇਨਤੀ ਕਰਨ 'ਤੇ ਕੋਰਟ ਨੇ ਜ਼ੁਰਮਾਨੇ ਦੀ ਰਾਸ਼ੀ ਨੂੰ 55 ਲੱਖ ਰੁਪਏ (60 ਹਜ਼ਾਰ ਪੌਂਡ) ਕਰ ਦਿੱਤਾ।

ਸਸਟੇਨੀਬਲ ਕਮਿਊਨੀਟੀਜ਼ ਕੈਬਨਿਟ ਦੇ ਮੈਂਬਰ ਅਤੇ ਕੌਂਸਲਰ ਮਾਈਕ ਮੈਕਰਾਰੀ ਦੇ ਮੁਤਾਬਕ ਜ਼ੁਰਮਾਨੇ ਦੀ ਰਾਸ਼ੀ ਰੁੱਖ ਦੀ ਉਮਰ ਅਤੇ ਉਸ ਦੇ ਮੁੱਲ ਨੂੰ ਦੇਖਦੇ ਹੋਏ ਤੈਅ ਕੀਤੀ ਗਈ ਸੀ। ਰੁੱਖ ਕਾਫੀ ਪੁਰਾਣਾ ਹੈ। ਸਥਾਨਕ ਵਸਨੀਕਾਂ ਦੇ ਬੱਚੇ ਰੋਜ਼ ਇਸ ਦੇ ਹੇਠਾਂ ਖੇਡਦੇ ਹਨ।ਇਹ ਕਾਰਬਨ ਨੂੰ ਸੋਖਦਾ ਹੈ ਅਤੇ ਉੱਥੋਂ ਦੇ ਵਾਤਾਵਰਨ ਲਈ ਇਸ ਦਾ ਮਹੱਤਤਾ ਹਾਲੇ ਵੀ ਬਹੁਤ ਹੈ। ਕੌਂਸਲ ਅਧਿਕਾਰੀਆਂ ਦੇ ਮੁਤਾਬਕ ਲਾਰੈਂਸ ਦੀ ਸੈਕੰਡ ਗ੍ਰੇਡ ਪ੍ਰਾਪਰਟੀ ਦੇ ਮੁਕਾਬਲੇ ਰੁੱਖ ਦੀ ਮਹੱਤਤਾ ਜ਼ਿਆਦਾ ਹੈ। 1908 ਵਿਚ ਘਰ ਬਣਾਉਣ ਦੇ ਕਰੀਬ 20 ਸਾਲ ਬਾਅਦ ਰੁੱਖ ਨੂੰ ਲਗਾਇਆ ਗਿਆ ਸੀ। ਲਾਰੈਂਸ ਵੱਲੋਂ ਰੁੱਖ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਸ਼ਿਕਾਇਤ ਇਸ ਸਾਲ ਜਨਵਰੀ ਵਿਚ ਲੋਕਾਂ ਨੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਕੀਤੀ ਸੀ। 

Vandana

This news is Content Editor Vandana