ਇੰਗਲੈਂਡ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਦਾ ਅਹੁਦਾ ਖਤਰੇ ''ਚ

11/12/2017 10:22:17 AM

ਲੰਡਨ(ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਦੀ ਕੰਜ਼ਰਵੇਟਿਵ ਪਾਰਟੀ ਦੇ 40 ਸੰਸਦ ਮੈਂਬਰਾਂ ਨੇ ਉਨ੍ਹਾਂ ਖਿਲਾਫ ਇਕ ਅਵਿਸ਼ਵਾਸ ਪ੍ਰਸਤਾਵ ਉੱਤੇ ਦਸਤਖਤ ਕਰਨ ਨੂੰ ਲੈ ਕੇ ਸਹਿਮਤੀ ਜਤਾਈ ਹੈ। ਇਕ ਸਮਾਚਾਰ ਪੱਤਰ ਦੀ ਰਿਪੋਰਟ ਅਨੁਸਾਰ ਜੇਕਰ 8 ਹੋਰ ਕੰਜ਼ਰਵੇਟਿਵ ਸੰਸਦ ਮੈਂਬਰ ਇਸ ਪ੍ਰਸਤਾਵ ਉੱਤੇ ਦਸਤਖਤ ਕਰਨ ਲਈ ਸਹਿਮਤ ਹੋ ਜਾਂਦੇ ਹਨ ਤਾਂ ਪਾਰਟੀ ਵਿਚ ਅਗਵਾਈ ਸੰਕਟ ਪੈਦਾ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਸ਼੍ਰੀਮਤੀ ਮੇ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਪੈ ਸਕਦਾ ਹੈ। ਬ੍ਰਿਟੇਨ ਵਿਚ 8 ਜੂਨ ਨੂੰ ਹੋਈ ਸੰਸਦੀ ਚੋਣਾਂ ਦੇ ਬਾਅਦ ਤੋਂ ਹੀ ਸ਼੍ਰੀਮਤੀ ਮੇ ਪਾਰਟੀ ਉੱਤੇ ਆਪਣਾ ਕੰਟਰੋਲ ਬਣਾਏ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਇਸ ਚੋਣ ਵਿਚ ਸ਼੍ਰੀਮਤੀ ਮੇ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਵੇਗਾ ਪਰ ਅਜਿਹਾ ਹੋਇਆ ਨਹੀਂ। ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ (ਬਰੈਕਜਿਟ) ਨੂੰ ਲੈ ਕੇ ਸ਼੍ਰੀਮਤੀ ਮੇ ਦੀ ਸਰਕਾਰ ਅੰਦਰ ਕਾਫ਼ੀ ਮੱਤਭੇਦ ਹਨ। ਇਸ ਤੋਂ ਇਲਾਵਾ ਸਰਕਾਰ ਵਿਚ ਕਈ ਮੰਤਰੀਆਂ ਉੱਤੇ ਲੱਗੇ ਦੋਸ਼ਾਂ ਨਾਲ ਵੀ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਬ੍ਰਿਟੇਨ ਵਿਚ ਰਾਜਨੀਤਕ ਅਸਥਿਰਤਾ ਵਰਗਾ ਮਾਹੌਲ ਪੈਦਾ ਹੋ ਗਿਆ ਹੈ।