ਸਿਡਨੀ ਦੀ ਸਿਆਹੀ ਫੈਕਟਰੀ ''ਚ ਫਸੇ 3 ਕਰਮਚਾਰੀ, ਇਕ ਦੀ ਮੌਤ

12/07/2017 10:09:43 AM

ਸਿਡਨੀ (ਬਿਊਰੋ)— ਸਿਡਨੀ ਦੇ ਪੱਛਮ ਵਿਚ ਇਕ ਸਿਆਹੀ ਬਣਾਉਣ ਵਾਲੀ ਕੰਪਨੀ ਦੇ ਵੈਟ ਵਿਚ ਕੁਝ ਕਰਮਚਾਰੀ ਫਸ ਗਏ ਸਨ। ਜਿਨ੍ਹਾਂ ਵਿਚੋਂ ਇਕ ਕਰਮਚਾਰੀ ਦੀ ਮੌਤ ਹੋ ਗਈ ਹੈ। ਐੱਨ. ਐੱਸ. ਡਬਲਊ. ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮੌਕੇ 'ਤੇ ਮੌਜੂਦ ਕਰਮਚਾਰੀ ਦੀ ਹਾਦਸੇ ਵਿਚ ਮੌਤ ਹੋ ਗਈ ਅਤੇ ਉਸ ਦਾ ਸਰੀਰ ਟੈਂਕ ਵਿਚ ਫਸ ਗਿਆ।

ਇਹ ਮੰਨਿਆ ਜਾਂਦਾ ਹੈ ਕਿ ਤਿੰਨ ਵਿਅਕਤੀ ਜਿਨ੍ਹਾਂ ਦੀ ਉਮਰ 30 ਤੋਂ 40 ਦੇ ਵਿਚਕਾਰ ਸੀ, ਜਦੋਂ ਉਹ ਸਵੇਰੇ 8:45 'ਤੇ  ਮਿਕਸਿੰਗ ਟੈਂਕ ਅੰਦਰ ਸਫਾਈ ਕਰ ਰਹੇ ਸਨ, ਉਦੋਂ ਉਹ ਇਸ ਅੰਦਰ ਫਸ ਗਏ ਸਨ। ਬਚਾਅ ਅਧਿਕਾਰੀਆਂ ਨੇ ਪਹਿਲੇ ਵਿਅਕਤੀ ਨੂੰ ਸਵੇਰੇ 10:30 ਵਜੇ ਚਿਸ਼ੋਲਮ ਰੋਡ, ਔਬਰਨ ਵਿਖੇ ਬਾਹਰ ਕੱਢਿਆ ਗਿਆ। ਉਸ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਸਨ। ਇਸ ਲਈ ਉਸ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਜਾਇਆ ਗਿਆ।

ਦੂਜੇ ਵਿਅਕਤੀ ਨੂੰ ਐਮਰਜੈਂਸੀ ਅਧਿਕਾਰੀਆਂ ਨੇ ਸਵੇਰੇ 11 ਵਜੇ ਬਾਹਰ ਕੱਢਿਆ ਅਤੇ ਉਸ ਨੂੰ ਵੀ ਗੰਭੀਰ ਹਾਲਤ ਵਿਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਘੇਰਾਬੰਦੀ ਕਰ ਦਿੱਤੀ ਹੈ।