ਵੀਅਤਨਾਮ ''ਚ ਲੱਗੀ ਹਾਥੀਆਂ ਦੀ ਰੇਸ, ਦੇਸ਼-ਵਿਦੇਸ਼ ਤੋਂ ਪੁੱਜੇ ਲੋਕ

03/14/2019 1:42:46 PM

ਹਨੋਈ, (ਏਜੰਸੀ)— ਵੀਅਤਨਾਮ ਦੇ ਬੂਨ ਡਾਨ ਸ਼ਹਿਰ 'ਚ ਬੁੱਧਵਾਰ ਨੂੰ ਹਾਥੀਆਂ ਦੀ ਰੇਸ ਲੱਗੀ। ਇਸ 'ਚ ਤਕਰੀਬਨ 150 ਵਿਅਕਤੀਆਂ ਨੇ ਆਪਣੇ ਹਾਥੀਆਂ ਨਾਲ ਰੇਸ ਲਗਾਈ। ਲਗਭਗ 8 ਕਿਲੋ ਮੀਟਰ ਲੰਬੀ ਰੇਸ ਦੌਰਾਨ ਹਾਥੀਆਂ ਨੂੰ ਉੱਚੇ-ਨੀਂਵੇਂ ਰਸਤੇ ਅਤੇ ਨਦੀਆਂ 'ਚੋਂ ਲੰਘਣਾ ਪੈਂਦਾ ਹੈ। ਇਸ 'ਚ ਜਿੱਤਣ ਵਾਲੇ 10 ਹਾਥੀਆਂ ਲਈ ਇਨਾਮ ਦੇ ਤੌਰ 'ਤੇ ਤਕਰੀਬਨ 13-13 ਹਜ਼ਾਰ ਰੁਪਏ ਦਿੱਤੇ ਗਏ। 

ਦੋ ਦਿਨਾਂ 'ਐਲੀਫੈਂਟ ਰੇਸਿੰਗ ਫੈਸਟੀਵਲ' ਦੇ ਪਹਿਲੇ ਦਿਨ ਹਾਥੀਆਂ ਵਿਚਕਾਰ ਫੁੱਟਬਾਲ ਮੈਚ ਵੀ ਹੋਇਆ। ਫੈਸਟੀਵਲ 'ਚ ਦੇਸ਼-ਵਿਦੇਸ਼ ਦੇ ਤਕਰੀਬਨ 7 ਹਜ਼ਾਰ ਲੋਕ ਸ਼ਾਮਲ ਹੋਏ। ਇਹ ਆਯੋਜਨ ਸਥਾਨਕ ਪ੍ਰਸ਼ਾਸਨ ਵਲੋਂ ਕਰਵਾਇਆ ਗਿਆ। ਇਸ ਦਾ ਮਕਸਦ ਸੀ ਸੈਲਾਨੀਆਂ ਨੂੰ ਵਧਾਉਣਾ। ਆਯੋਜਕਾਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ 'ਚ ਹਾਥੀ ਸਭ ਤੋਂ ਕੀਮਤੀ ਜਾਨਵਰ ਹਨ। ਰੋਜ਼ਾਨਾ ਦੀ ਜ਼ਿੰਦਗੀ 'ਚ ਇਹ ਆਵਾਜਾਈ ਅਤੇ ਯਾਤਰਾ 'ਚ ਮਦਦ ਕਰਦੇ ਹਨ। ਉੱਥੇ ਹੀ ਲੋਕਾਂ ਨੇ ਦੱਸਿਆ ਕਿ ਚੀਨੀ ਰਾਜਵੰਸ਼ਾਂ ਸਮੇਂ ਹੋਈ ਲੜਾਈ 'ਚ ਹਾਥੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਲਈ ਰੇਸ 'ਚ ਹਾਥੀਆਂ ਨੂੰ ਦੌੜਾਇਆ ਜਾਂਦਾ ਹੈ। ਹਾਥੀਆਂ ਦੀ ਰੇਸ ਭਾਰਤ, ਜਰਮਨੀ, ਨੇਪਾਲ ਅਤੇ ਅਫਗਾਨਿਸਤਾਨ 'ਚ ਵੀ ਹੁੰਦੀ ਹੈ। ਇਹ ਰੇਸ ਸਭ ਤੋਂ ਪਹਿਲਾਂ ਅਫਗਾਨਿਸਤਾਨ 'ਚ 1920 'ਚ ਸ਼ੁਰੂ ਹੋਈ ਸੀ।