ਮਿਸਰ 'ਚ ਦੋ ਵੱਖ-ਵੱਖ ਮਾਮਲਿਆਂ 'ਚ 31 ਦੋਸ਼ੀਆਂ ਨੂੰ ਮਿਲੀ ਮੌਤ ਦੀ ਸਜ਼ਾ

07/13/2018 1:01:15 PM

ਕਾਹਿਰਾ,(ਭਾਸ਼ਾ)— ਮਿਸਰ ਦੀਆਂ ਅਦਾਲਤਾਂ ਨੇ ਵੀਰਵਾਰ ਨੂੰ ਦੋ ਵੱਖ-ਵੱਖ ਮਾਮਲਿਆਂ 'ਚ 31 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚੋਂ ਇਕ ਮਾਮਲਾ ਸਾਲ 2015 'ਚ ਇਕ ਪੁਲਸ ਕਰਮਚਾਰੀ ਅਤੇ ਇਕ ਸੁਰੱਖਿਆ ਗਾਰਡ ਦੇ ਕਤਲ ਨਾਲ ਜੁੜਿਆ ਹੈ ਅਤੇ ਦੂਜਾ ਸਾਲ 2016 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਜੇਲ 'ਚੋਂ ਭਜਾਉਣ ਨਾਲ ਸਬੰਧਤ ਹੈ। ਮਿਸਰ ਦੀ ਸਰਕਾਰੀ ਏਜੰਸੀ ਦੀ ਰਿਪੋਰਟ ਮੁਤਾਬਕ ਐੱਲ-ਜਾਗਾਜੀਗ ਦੇ ਨਾਇਲ ਡੈਲਟਾ ਸ਼ਹਿਰ ਦੀ ਸਥਾਨਕ ਅਦਾਲਤ ਨੇ ਇਕ ਪੁਲਸ ਕਰਮਚਾਰੀ ਅਤੇ ਗਾਰਡ ਦਾ ਕਤਲ ਕਰਨ ਦੇ ਮਾਮਲੇ 'ਚ 18 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ। 
ਏਜੰਸੀ ਨੇ ਦੱਸਿਆ ਕਿ ਦੋਵੇਂ ਇਕ ਸਥਾਨਕ ਹਸਪਤਾਲ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸਨ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਜਾਂਚ 'ਚ ਦੋਹਾਂ ਦੇ ਕਤਲ ਪਿੱਛੇ 18 ਲੋਕਾਂ ਦੇ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਸੀ। ਇਕ ਹੋਰ ਮਾਮਲੇ 'ਚ ਇਸਲਾਮੀਆ ਦੀ ਸਥਾਨਕ ਅਦਾਲਤ ਵਲੋਂ ਅਕਤਬੂਰ 2016 'ਚ ਜੇਲ ਤੋਂ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਭੱਜਣ ਦੇ ਮਾਮਲੇ 'ਚ 13 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਨ੍ਹਾਂ 'ਚ ਕੁੱਝ ਆਈ. ਐੱਸ. ਆਈ. ਐੱਸ. ਅੱਤਵਾਦੀ ਵੀ ਸ਼ਾਮਲ ਹਨ। ਸਰਕਾਰੀ ਅਖਬਾਰ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਸਜ਼ਾ ਪਾਉਣ ਵਾਲੇ ਦੋਸ਼ੀਆਂ 'ਚੋਂ 6 ਹਿਰਾਸਤ 'ਚ ਹਨ ਜਦ ਕਿ 7 ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।