ਮਿਸਰ ਨੇ ਦੋ ਜਰਮਨ ਨਾਗਰਿਕਾਂ ਦੀ ਗ੍ਰਿਫਤਾਰੀ ਦੀ ਕੀਤੀ ਪੁਸ਼ਟੀ

01/11/2019 6:20:21 PM

ਕਾਹਿਰਾ (ਏ.ਐਫ.ਪੀ.)- ਮਿਸਰ ਦੇ ਅਧਿਕਾਰੀਆਂ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਦੇ ਸ਼ੱਕ ਵਿਚ ਜਰਮਨੀ ਦੇ ਦੋ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਮਿਸਰ ਦੇ ਸੁਰੱਖਿਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਸ਼ੱਕੀ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਜਰਮਨੀ ਦੀ ਮੀਡੀਆ ਨੇ ਇਸ ਮਹੀਨੇ ਕਿਹਾ ਸੀ ਕਿ ਦੋ ਜਰਮਨ ਨਾਗਰਿਕ ਦਸੰਬਰ ਵਿਚ ਵੱਖ-ਵੱਖ ਮਿਸਰ ਪਹੁੰਚਣ ਤੋਂ ਬਾਅਦ ਤੋਂ ਲਾਪਤਾ ਹਨ। ਦੋਹਾਂ ਵਿਅਕਤੀਆਂ ਦੇ ਪਰਿਵਾਰਾਂ ਦਾ ਮੰਨਣਾ ਸੀ ਕਿ ਗਲਤ ਪਛਾਣ ਦੇ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ।

ਮਿਸਰ ਦੇ ਅਧਿਕਾਰੀਆਂ ਨੇ ਪਹਿਲਾਂ ਗ੍ਰਿਫਤਾਰੀਆਂ ਤੋਂ ਇਨਕਾਰ ਕਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ 24 ਸਾਲਾ ਵਿਅਕਤੀ ਨੂੰ ਮਿਸਰ ਦੇ ਉੱਤਰੀ ਸਿਨਾਈ ਸੂਬੇ ਵਿਚ ਆਈ.ਐਸ. ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਦੇ ਸ਼ੱਕ 'ਤੇ ਕਾਹਿਰਾ ਕੌਮਾਂਤਰੀ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਿਆ ਗਿਆ। ਉਸ ਨੂੰ 27 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਸੂਤਰ ਨੇ ਦੱਸਿਆ ਕਿ ਕਿਉਂਕਿ ਉਸ ਨੇ ਮਿਸਰ ਦੇ ਕਾਨੂੰਨ ਤਹਿਤ ਕੋਈ ਅਪਰਾਧ ਨਹੀਂ ਕੀਤਾ ਸੀ ਤਾਂ ਅਧਿਕਾਰੀਆਂ ਨੇ ਉਸ ਨੂੰ ਜਰਮਨ ਸਫਾਰਤਖਾਨੇ ਦੇ ਤਾਲਮੇਲ ਨਾਲ ਉਨ੍ਹਾਂ ਦੇ ਦੇਸ਼ ਹਵਾਲੇ ਕਰਨ ਦਾ ਫੈਸਲਾ ਕੀਤਾ। ਦਸੰਬਰ ਵਿਚ ਇਕ ਹੋਰ 18 ਸਾਲਾ ਜਰਮਨ ਨਾਗਰਿਕ ਨੂੰ ਦੱਖਣੀ ਸ਼ਹਿਰ ਲਕਜ਼ਰ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਸ ਕੋਲ ਉੱਤਰੀ ਸਿਨਾਈ ਦੇ ਮੈਪ ਮਿਲੇ ਅਤੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਆਈ.ਐਸ. ਵਿਚ ਸ਼ਾਮਲ ਹੋਣ ਦੇ ਇਰਾਦੇ ਨਾਲ ਮਿਸਰ ਆਇਆ ਸੀ। ਉਸ ਨੂੰ ਵੀ ਜਰਮਨੀ ਹਵਾਲੇ ਕਰਨ ਦੀ ਕਾਰਵਾਈ ਚੱਲ ਰਹੀ ਹੈ।

Sunny Mehra

This news is Content Editor Sunny Mehra