ਮਿਸਰ : ਦੋ ਸੜਕ ਹਾਦਸਿਆਂ ''ਚ 28 ਲੋਕਾਂ ਦੀ ਮੌਤ, ਮ੍ਰਿਤਕਾਂ ''ਚ ਭਾਰਤੀ ਵੀ ਸ਼ਾਮਲ

12/29/2019 12:25:03 PM

ਕਾਹਿਰਾ— ਮਿਸਰ 'ਚ ਸ਼ਨੀਵਾਰ ਨੂੰ ਦੋ ਵੱਖ-ਵੱਖ ਥਾਵਾਂ 'ਤੇ ਭਿਆਨਕ ਸੜਕ ਹਾਦਸੇ ਵਾਪਰੇ, ਜਿਨ੍ਹਾਂ 'ਚ 28 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਭਾਰਤੀ ਸੈਲਾਨੀ ਵੀ ਸ਼ਾਮਲ ਹੈ। ਮਿਸਰ ਦੀ ਮੀਡੀਆ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਕ ਦੁਰਘਟਨਾ ਪੋਰਟ ਸੈਦ ਅਤੇ ਡੇਮਿਏਟਾ ਵਿਚਕਾਰ ਵਾਪਰੀ, ਜਿੱਥੇ ਕੱਪੜਾ ਮਜ਼ਦੂਰਾਂ ਨਾਲ ਭਰੀ ਇਕ ਬੱਸ ਸੜਕ ਅਤੇ ਇਕ ਕਾਰ ਦੀ ਟਕਰਾ ਹੋ ਗਈ। ਕਿਹਾ ਗਿਆ ਹੈ ਕਿ ਇਸ ਕਾਰਨ 22 ਲੋਕਾਂ ਦੀ ਮੌਤ ਹੋ ਗਈ ਤੇ ਹੋਰ 8 ਅਜੇ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਤੋਂ ਪਹਿਲਾਂ ਇਕ ਹੋਰ ਸੜਕ ਹਾਦਸੇ 'ਚ ਸੈਲਾਨੀਆਂ ਨਾਲ ਭਰੀਆਂ ਦੋ ਬੱਸਾਂ ਕਾਹਿਰਾ ਦੇ ਐੱਨ ਸੋਖਨਾ ਰਿਜ਼ਾਰਟ ਕੋਲ ਇਕ ਟਰੱਕ ਨਾਲ ਟਕਰਾ ਗਈਆਂ। ਇਸ ਦੌਰਾਨ 2 ਮਲੇਸ਼ੀਆਈ ਔਰਤਾਂ, ਇਕ ਭਾਰਤੀ ਵਿਅਕਤੀ ਦੀ ਮੌਤ ਹੋ ਗਈ ਜਦਕਿ ਮਿਸਰ ਦੇ ਵੀ 3 ਨਾਗਰਿਕਾਂ ਦੀ ਜਾਨ ਚਲੇ ਗਈ। ਇਸ ਕਾਰਨ ਤਕਰੀਬਨ 24 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕਈ ਸੈਲਾਨੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 16 ਭਾਰਤੀ ਸੈਲਾਨੀ ਸਵਾਰ ਸਨ। ਅੰਬੈਸੀ ਵਲੋਂ ਹੈਲਪਲਾਈਨ ਨੰਬਰ +20-1211299905 ਅਤੇ +20-1283487779 ਜਾਰੀ ਕੀਤੇ ਗਏ ਹਨ।
 

ਸੜਕ ਹਾਦਸਿਆਂ ਨਾਲ ਭਰਿਆ ਹੈ ਮਿਸਰ ਦਾ ਇਤਿਹਾਸ—
ਮਿਸਰ 'ਚ ਸੜਕ ਹਾਦਸੇ ਵਾਪਰਨਾ ਆਮ ਗੱਲ ਹੈ ਕਿਉਂਕਿ ਸੜਕਾਂ ਦੀ ਹਾਲਤ ਕਾਫੀ ਖਰਾਬ ਹੈ। ਮਿਸਰ 'ਚ ਆਵਾਜਾਈ ਨਿਯਮਾਂ ਦਾ ਉਲੰਘਣ ਵੀ ਆਮ ਸਮੱਸਿਆ ਹੈ, ਜਿਸ 'ਤੇ ਸਰਕਾਰ ਨਕੇਲ ਕੱਸਣ ਦਾ ਦਾਅਵਾ ਕਰਦੀ ਹੈ ਪਰ ਇਨ੍ਹਾਂ 'ਚ ਬਹੁਤ ਵੱਡੀ ਕਾਮਯਾਬੀ ਨਹੀਂ ਮਿਲੀ ਹੈ। ਹਰ ਸਾਲ ਇੱਥੇ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ । ਸਾਲ 2018 'ਚ 8480 ਸੜਕ ਹਾਦਸੇ ਵਾਪਰੇ ਜਦਕਿ 2017 'ਚ ਇਹ ਅੰਕੜਾ 11,098 ਸੀ। 2016 'ਚ ਸੜਕ ਹਾਦਸਿਆਂ ਨੇ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ। 2017 'ਚ ਇਸ 'ਚ ਕੁੱਝ ਕਮੀ ਦਰਜ ਕੀਤੀ ਗਈ ਅਤੇ ਇਹ ਅੰਕੜਾ 3,747 ਦਰਜ ਕੀਤਾ ਗਿਆ ਜਦਕਿ 2018 'ਚ ਇਹ ਗਿਣਤੀ 3,087 ਹੈ।