ਚੀਨ ''ਚ ਲੜਕੇ ਨੂੰ ਸਮਾਰਟ ਹੋਣ ਕਾਰਨ ਕੰਪਨੀ ਨੇ ਲਗਾਇਆ ਜੁਰਮਾਨਾ

03/16/2018 2:05:42 PM

ਬੀਜਿੰਗ (ਬਿਊਰੋ)— ਲੜਕੀਆਂ ਵਾਂਗ ਲੜਕਿਆਂ ਦੀ ਵੀ ਇਹ ਇੱਛਾ ਹੁੰਦੀ ਹੈ ਕਿ ਉਹ ਸਟਾਈਲਿਸ਼ ਅਤੇ ਸੁੰਦਰ ਦਿੱਸਣ। ਇਸ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਪਰ ਚੀਨ ਵਿਚ ਇਕ ਲੜਕੇ ਨੂੰ ਸਮਾਰਟ ਹੋਣ ਦੀ ਭਾਰੀ ਕੀਮਤ ਚੁਕਾਉਣੀ ਪਈ। ਚੀਨ ਵਿਚ ਇਕ ਹਵਾਈ ਅੱਡੇ ਦੇ ਕਰਮਚਾਰੀ ਨੂੰ ਇਸ ਲਈ ਜੁਰਮਾਨਾ ਭਰਨਾ ਪਿਆ ਕਿਉਂਕਿ ਉਹ ਬਹੁਤ ਸਮਾਰਟ ਸੀ। ਚੀਨ ਦੇ ਜ਼ਿਆਮਨ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ 25 ਸਾਲਾ ਇਕ ਟੈਕਨੀਸ਼ੀਅਨ ਨੂੰ ਸਮਾਰਟ ਹੋਣ ਕਾਰਨ ਉਦੋਂ ਜੁਰਮਾਨਾ ਭਰਨਾ ਪਿਆ, ਜਦੋਂ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਵੀਡੀਓ ਵਿਚ ਉਹ ਜੇਬ 'ਚ ਹੱਥ ਪਾਈ ਜਹਾਜ਼ ਵੱਲ ਵੱਧ ਰਿਹਾ ਹੈ। ਉਸ ਦਾ ਇਹ ਵੀਡੀਓ ਜਹਾਜ਼ ਵਿਚ ਬੈਠੀ ਇਕ ਮਹਿਲਾ ਯਾਤਰੀ ਨੇ ਬਣਾਇਆ ਸੀ ਅਤੇ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। 
ਕੁਝ ਹੀ ਦੇਰ ਵਿਚ ਇਸ ਵੀਡੀਓ 'ਤੇ ਲੱਖਾਂ ਵਿਊਜ਼ ਆਏ। ਕਈ ਲੋਕਾਂ ਦਾ ਕਹਿਣਾ ਸੀ ਕਿ ਇਹ ਟੈਕਨੀਸ਼ੀਅਨ ਲੜਕਾ ਸਾਊਥ ਕੋਰੀਅਨ ਸੁਪਰ ਸਟਾਰ ਸੌਂਗ ਜੂੰਗ ਕੀ ਦੀ ਤਰ੍ਹਾਂ ਲੱਗਦਾ ਹੈ। ਕੰਪਨੀ ਨੂੰ ਜਿਵੇਂ ਹੀ ਟੈਕਨੀਸ਼ੀਅਨ ਦੇ ਵੀਡੀਓ ਦੇ ਵਾਇਰਲ ਹੋਣ ਦੀ ਖਬਰ ਲੱਗੀ, ਕੰਪਨੀ ਨੇ ਉਸ 'ਤੇ ਜੁਰਮਾਨਾ ਲਗਾ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਕੰਪਨੀ ਦੇ ਕੋਡ ਆਫ ਕੰਡਕਟ ਦਾ ਪਾਲਣ ਨਹੀਂ ਕੀਤਾ। ਉਸ ਦੀ ਵਰਦੀ ਕਾਫੀ ਗੰਦੀ ਸੀ ਅਤੇ ਉਸ ਨੇ ਆਪਣੇ ਹੱਥ ਵੀ ਜੇਬ ਵਿਚ ਪਾਏ ਹੋਏ ਸਨ। ਇਸ ਵੀਡੀਓ ਨੂੰ ਦੇਖਦੇ ਹੋਏ ਉਸ 'ਤੇ ਜੁਰਮਾਨਾ ਲਗਾਇਆ ਗਿਆ ਹੈ ਅਤੇ ਉਸ ਦੀ ਤਨਖਾਹ 10 ਫੀਸਦੀ ਕੱਟ ਲਈ ਗਈ ਹੈ।
ਲੜਕੇ ਨੇ ਦਿੱਤਾ ਇਹ ਜਵਾਬ
ਟੈਕਨੀਸ਼ੀਅਨ ਲੜਕੇ 'ਤੇ ਜੁਰਮਾਨਾ ਲਗਾਏ ਜਾਣ ਕਾਰਨ ਸੋਸ਼ਲ ਮੀਡੀਆ 'ਤੇ ਕੰਪਨੀ ਦੀ ਕਾਫੀ ਆਲੋਚਨਾ ਹੋ ਰਹੀ ਹੈ। ਉੱਧਰ ਟੈਕਨੀਸ਼ੀਅਨ ਲੜਕੇ ਨੂੰ ਇਸ ਵਿਚ ਕੁਝ ਗਲਤ ਨਹੀਂ ਲੱਗਦਾ। ਉਸ ਮੁਤਾਬਕ,''ਮੈਨੂੰ ਖੁਸ਼ੀ ਹੈ ਕਿ ਮੈਂ ਮਸ਼ਹੂਰ ਹੋ ਗਿਆ। ਮੇਰੀ ਕੰਪਨੀ ਨੇ ਕੁਝ ਗਲਤ ਨਹੀਂ ਕੀਤਾ। ਇਹ ਮੇਰੀ ਹੀ ਗਲਤੀ ਸੀ ਕਿ ਮੈਂ ਕੰਪਨੀ ਦੇ ਕੋਡ ਆਫ ਕੰਡਕਟ ਦਾ ਪਾਲਣ ਨਹੀਂ ਕੀਤਾ।'' ਟੈਕਨੀਸ਼ੀਅਨ ਨੇ ਵੀਡੀਓ ਸ਼ੇਅਰ ਕਰਨ ਵਾਲੀ ਔਰਤ ਦਾ ਵੀ ਬਚਾਅ ਕਰਦੇ ਹੋਏ ਅਪੀਲ ਕੀਤੀ ਕਿ ਔਰਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਸ ਦੌਰਾਨ 25 ਸਾਲਾ ਕਰਮਚਾਰੀ ਨੇ ਖੁਦ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ 40,000 ਤੋਂ ਵੱਧ ਫਾਲੋਅਰਜ਼ ਬਣਾਉਣ ਵਿਚ ਸਫਲ ਰਿਹਾ।