ਕੈਨੇਡਾ : ਐਡਮਿੰਟਨ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਦੇਖੋ ਤਸਵੀਰਾਂ

05/22/2018 3:53:34 PM

ਐਡਮਿੰਟਨ— ਕੈਨੇਡਾ 'ਚ ਵੱਸਦੇ ਸਿੱਖਾਂ ਨੇ ਸ਼ਹਿਰ ਐਡਮਿੰਟਨ ਵਿਖੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ। ਬੀਤੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰੂ ਦੇ ਜੈਕਾਰੇ ਲਗਾਉਂਦਿਆਂ ਪੰਜਾਬ ਵਰਗਾ ਮਾਹੌਲ ਬਣਾ ਦਿੱਤਾ। ਹਜ਼ਾਰਾਂ ਦੀ ਗਿਣਤੀ 'ਚ ਇਕੱਠੀ ਹੋਈ ਸੰਗਤ ਨੀਲੇ ਅਤੇ ਕੇਸਰੀ ਰੰਗ 'ਚ ਰੰਗੀ ਨਜ਼ਰ ਆਈ, ਕਿਉਂਕਿ ਵਧੇਰੇ ਸਿੱਖ ਇਸੇ ਰੰਗ ਦੀਆਂ ਦਸਤਾਰਾਂ ਸਜਾ ਕੇ ਅਤੇ ਸਿੱਖ ਬੀਬੀਆਂ ਚੁੰਨੀਆਂ ਲੈ ਕੇ ਪੁੱਜੀਆਂ ਸਨ।

ਸੰਗਤਾਂ 'ਚ ਬੇਮਿਸਾਲ ਉਤਸ਼ਾਹ ਠਾਠਾਂ ਮਾਰਦਾ ਦਿਖਾਈ ਦੇ ਰਿਹਾ ਸੀ। ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ। 


ਨਗਰ ਕੀਰਤਨ ਦੀ ਸ਼ੁਰੂਆਤ ਮਿੱਡਵੁਡਜ਼ ਤੋਂ ਕੀਤੀ ਗਈ ਅਤੇ ਕਈ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਪੁੱਜਾ।

ਇਸ ਮੌਕੇ ਗਤਕੇ ਦੇ ਜੌਹਰ ਵੀ ਦਿਖਾਏ ਗਨ। ਨਗਰ ਕੀਰਤਨ 'ਚ ਐਡਮਿੰਟਨ ਤੋਂ ਇਲਾਵਾ ਸਰੀ, ਕੈਲਗਰੀ, ਵੈਨਕੂਵਰ, ਐਬਸਫੋਰਡ, ਟੋਰਾਂਟੋ ਤੋਂ ਸੰਗਤਾਂ ਪੁੱਜੀਆਂ ਹੋਈਆਂ ਸਨ। ਰਸਤੇ 'ਚ ਥਾਂ-ਥਾਂ ਲੰਗਰਾਂ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ। 

ਇਸ 'ਚ ਵਿਦੇਸ਼ੀ ਸੰਗਤ ਨੇ ਵੀ ਹਾਜ਼ਰੀ ਭਰੀ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਿੱਖ ਸੇਵਾਦਾਰਾਂ ਨੇ ਸੁਰੱਖਿਆ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਦਾ ਵੀ ਪੂਰਾ ਪ੍ਰਬੰਧ ਦੇਖਿਆ।

ਸੰਗਤਾਂ ਨੂੰ ਰਾਗੀ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਗੁਰਬਾਣੀ ਕੀਰਤਨ ਸੁਣਾ ਕੇ ਸਿੱਖ ਇਤਿਹਾਸ ਨਾਲ ਜੋੜਿਆ। ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ, ਕੌਂਸਲਰਾਂ ਨੇ ਵੀ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਖਾਲਸਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ 10 ਲੱਖ ਤੋਂ ਵਧੇਰੇ ਪੰਜਾਬੀ ਭਾਈਚਾਰਾ ਰਹਿੰਦਾ ਹੈ, ਜੋ ਸਮੇਂ-ਸਮੇਂ 'ਤੇ ਧਾਰਮਿਕ ਪ੍ਰੋਗਰਾਮਾਂ ਦਾ ਪ੍ਰਬੰਧ ਕਰਦਾ ਹੈ ਅਤੇ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਕਰਦਾ ਹੈ।