ਪਾਕਿਸਤਾਨ ''ਚ 25 ਜੁਲਾਈ ਨੂੰ ਹੋ ਰਹੀਆਂ ਚੋਣਾਂ ''ਚ ਬੈਂਕ ਮੁਲਾਜ਼ਮ ਨਿਭਾਉਣਗੇ ਡਿਊਟੀ

07/14/2018 3:54:46 PM

ਇਸਲਾਮਾਬਾਦ (ਭਾਸ਼ਾ)- ਮੁਲਕ ਵਿਚ 25 ਜੁਲਾਈ ਨੂੰ ਕਰਵਾਈਆਂ ਜਾ ਰਹੀਆਂ ਆਮ ਚੋਣਾਂ ਵਿਚ ਬੈਂਕ ਮੁਲਾਜ਼ਮ ਚੋਣ ਡਿਊਟੀ ਨਿਭਾਉਣਗੇ। ਇਹ ਫੈਸਲਾ ਪਾਕਿਸਤਾਨ ਚੋਣ ਕਮਿਸ਼ਨ ਨੇ ਕੀਤਾ ਹੈ। ਚੋਣ ਡਿਊਟੀ ਵਿਚ ਲਏ ਮੁਲਾਜ਼ਮਾਂ ਦੀ ਕਮੀ ਕਾਰਨ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਬੈਂਕ ਮੁਲਾਜ਼ਮ ਆਮ ਚੋਣਾਂ ਵਿਚ ਆਪਣੀਆਂ ਸੇਵਾਵਾਂ ਦੇਣਗੇ। ਮੀਡੀਆ ਦੀ ਰਿਪੋਰਟ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ ਪੇਪਰ ਡਾਨ ਦੀ ਰਿਪੋਰਟ ਮੁਤਾਬਕ ਬੈਂਕ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਲਿਆ ਹੈ ਅਤੇ ਸਟੇਟ ਬੈਂਕ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਸਟੇਟ ਬੈਂਕ ਨੇ ਮੁਲਕ ਦੇ ਬੈਂਕਾਂ ਨੂੰ ਆਪਣੇ ਮੁਲਾਜ਼ਮਾਂ ਨੂੰ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਡਿਊਟੀ ਲਈ ਟ੍ਰੇਨਿੰਗ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਸਿੰਧ ਸੂਬੇ ਵਿਚ ਸ਼ੁਰੂ ਹੋ ਚੁੱਕੀ ਹੈ ਅਤੇ ਮੁਲਾਜ਼ਮਾਂ ਨੂੰ ਛੇਤੀ ਟ੍ਰੇਨਿੰਗ ਦਿੱਤੀ ਜਾਵੇਗੀ। ਨਿਊਜ਼ ਪੇਪਰ ਨੇ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਬੈਂਕ ਮੁਲਾਜ਼ਮਾਂ ਨੂੰ ਵੋਟਾਂ ਵਾਲੇ ਦਿਨ ਸੇਵਾਵਾਂ ਦੇਣ ਲਈ ਆਖਿਆ ਗਿਆ ਹੈ। ਸੂਬਾ ਚੋਣ ਕਮਿਸ਼ਨਰਾਂ ਨੂੰ ਸਟੇਟ ਬੈਂਕ ਨੂੰ ਸਹਿਯੋਗ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਚੋਣ ਮੁਲਾਜ਼ਮਾਂ ਦੀ ਕਮੀ ਨੂੰ ਪੂਰਾ ਕਰਨ ਲਈ ਬੈਂਕ ਮੁਲਾਜ਼ਮਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਈ.ਸੀ.ਪੀ. ਦੇ ਅੰਦਾਜ਼ੇ ਮੁਤਾਬਕ ਚੋਣਾਂ ਲਈ 7,35,000 ਸਵੈ ਸੇਵਕਾਂ ਦੀ ਲੋੜ ਹੈ।