ਦੁਬਈ ''ਚ 10 ਪੰਜਾਬੀਆਂ ਦੀ ਰਿਹਾਈ ਦਾ ਰਾਹ ਹੋਇਆ ਸਾਫ, ਜਲਦੀ ਹੀ ਮੁੜਨਗੇ ਦੇਸ਼

05/26/2017 8:01:00 AM

ਦੁਬਈ/ਹੁਸ਼ਿਆਰਪੁਰ, (ਨੀਸਾ, ਅਮਰਿੰਦਰ)—ਪਾਕਿਸਤਾਨ ਦੇ ਇਕ ਨਾਗਰਿਕ ਮੁਹੰਮਦ ਏਜਾਜ ਫਰਹਾਨ ਦੇ ਕਤਲ ਸੰਬੰਧੀ ਦੁਬਈ ਦੀ ਜੇਲ ਵਿਚ ਬੰਦ 10 ਪੰਜਾਬੀਆਂ ਦੀ ਰਿਹਾਈ ਦਾ ਰਾਹ ਸਾਫ ਹੋ ਗਿਆ ਹੈ। ਵੀਰਵਾਰ ਨੂੰ ਇਸ ਮਾਮਲੇ ਵਿਚ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਨ੍ਹਾਂ ਕੈਦੀਆਂ ਨੂੰ ਇਕ ਸਾਲ ਤੋਂ ਸਾਢੇ 3 ਸਾਲ ਤੱਕ ਦੀ ਸਜ਼ਾ ਸੁਣਾਈ। ਇਹ ਕੈਦੀ 15 ਜੁਲਾਈ 2015 ਤੋਂ ਜੇਲ ਵਿਚ ਬੰਦ ਹਨ, ਇਸ ਲਈ ਇਨ੍ਹਾ ਵਿਚੋਂ 5 ਕੈਦੀਆਂ ਨੂੰ ਅਗਲੇ ਇਕ ਹਫਤੇ ਅੰਦਰ ਰਿਹਾਅ ਕਰ ਕੇ ਭਾਰਤ ਭੇਜਣ ਦਾ ਰਾਹ ਸਾਫ ਹੋ ਗਿਆ ਹੈ। ਬਾਕੀ ਦੇ 5 ਕੈਦੀ ਵੀ ਇਸ ਸਾਲ ਅਕਤੂਬਰ ਤੋਂ ਅਗਲੇ ਸਾਲ ਜਨਵਰੀ ਦਰਮਿਆਨ ਭਾਰਤ ਆ ਸਕਦੇ ਹਨ।  ਪ੍ਰਸਿੱਧ ਸਮਾਜ ਸੇਵੀ, ਉਦਯੋਗਪਤੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਨੇ ਇਨ੍ਹਾਂ ਨੌਜਵਾਨਾਂ ਦੀ ਸਜ਼ਾ ਮੁਆਫ ਕਰਵਾਉਣ ਲਈ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਦਰਹਮ ਦੀ ਬਲੱਡ ਮਨੀ ਦਿੱਤੀ ਸੀ, ਜਦਕਿ ਇਨ੍ਹਾਂ ਨੌਜਵਾਨਾਂ ਨੂੰ ਛੁਡਵਾਉਣ ਲਈ ਓਬਰਾਏ ਨੇ ਕੁਲ 60 ਲੱਖ ਰੁਪਏ ਖਰਚ ਕੀਤੇ ਹਨ। 
ਦੱਸਣਯੋਗ ਹੈ ਕਿ ਐੱਸ. ਪੀ. ਸਿੰਘ ਓਬਰਾਏ ਨੇ 4 ਸਾਲ ਪਹਿਲਾਂ ਵੀ 17 ਭਾਰਤੀਆਂ ਨੂੰ ਬਲੱਡ  ਮਨੀ ਦੇ ਕੇ ਛੁਡਵਾਇਆ ਸੀ। ਉਹ ਹੁਣ ਤੱਕ ਵੱਖ-ਵੱਖ ਦੇਸ਼ਾਂ ਦੇ 78 ਅਜਿਹੇ ਵਿਅਕਤੀਆਂ ਨੂੰ ਬਲੱਡ ਮਨੀ ਦੇ ਕੇ ਛੁਡਵਾ ਚੁੱਕੇ ਹਨ। ਅਜਿਹੇ ਵਿਅਕਤੀਆਂ ਨੂੰ ਖਾੜੀ ਦੇ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। 10 ਪੰਜਾਬੀਆਂ ਦੀ ਰਿਹਾਈ ਪਿੱਛੋਂ ਇਹ ਗਿਣਤੀ 88 ਤੱਕ ਪਹੁੰਚ ਜਾਏਗੀ।
ਕਿਸ ਨੂੰ ਕਿੰਨੀ ਸਜ਼ਾ ਹੋਈ
ਚੰਦਰ ਸ਼ੇਖਰ ਅਤੇ ਚਮੋਰ ਸਿੰਘ-ਸਾਢੇ 3 ਸਾਲ
 ਸਤਮਿੰਦਰ ਸਿੰਘ, ਧਰਮਵੀਰ ਸਿੰਘ, ਗੁਰਪ੍ਰੀਤ ਸਿੰਘ-3 ਸਾਲ
ਬਲਵਿੰਦਰ ਸਿੰਘ, ਹਰਜਿੰਦਰ ਸਿੰਘ-ਡੇਢ ਸਾਲ
 ਤਰਸੇਮ ਸਿੰਘ, ਕੁਲਵਿੰਦਰ ਸਿੰਘ ਅਤੇ ਜਗਜੀਤ ਸਿੰਘ-1 ਸਾਲ
ਕੀ ਸੀ ਮਾਮਲਾ?
13 ਜੁਲਾਈ 2015 ਨੂੰ ਅਲ ਐਨ ਸ਼ਹਿਰ ਵਿਚ ਇਕ ਲੜਾਈ ਦੌਰਾਨ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਰਹਿਣ ਵਾਲੇ ਮੁਹੰਮਦ ਫਰਹਾਨ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿਚ 11 ਪੰਜਾਬੀਆਂ ਨੂੰ ਗ੍ਰਿਫਤਾਰ ਕਰ ਕੇ ਮੁਕੱਦਮਾ ਚਲਾਇਆ ਗਿਆ ਸੀ। 26 ਅਕਤੂਬਰ ਨੂੰ ਅਦਾਲਤ ਨੇ 10 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਕੁਲਦੀਪ ਸਿੰਘ ਨਾਮੀ ਨੌਜਵਾਨ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।
ਇਨ੍ਹਾਂ ਪੰਜਾਬੀਆਂ ਨੂੰ ਹੋਈ ਫਾਂਸੀ ਦੀ ਸਜ਼ਾ 22 ਮਾਰਚ ਨੂੰ ਮੁਆਫ ਕਰ ਦਿੱਤੀ ਗਈ ਸੀ ਪਰ ਅੱਜ ਇਹ ਮਾਮਲਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਅਦਾਲਤੀ ਕਾਰਵਾਈ ਪਿੱਛੋਂ ਮੈਂ ਯੂ. ਏ. ਈ. ਵਿਚ ਭਾਰਤ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਹੈ।  ਇਨ੍ਹਾਂ ਵਿਚੋਂ 5 ਕੈਦੀਆਂ ਦੀ ਵਾਪਸੀ ਲਈ ਦਸਤਾਵੇਜ਼ ਅਗਲੇ 4-5 ਦਿਨਾਂ ਵਿਚ ਤਿਆਰ ਹੋ ਜਾਣਗੇ। ਇਨ੍ਹਾਂ ਕੈਦੀਆਂ ਦੀ ਭਾਰਤ ਵਾਪਸੀ ਦੀ ਟਿਕਟ ਦਾ ਖਰਚਾ ਵੀ ਭਾਰਤੀ ਦੂਤਘਰ ਸਹਿਣ ਕਰੇਗਾ।
-ਐੱਸ. ਪੀ. ਸਿੰਘ ਓਬਰਾਏ, ਉਦਯੋਗਪਤੀ, ਦੁਬਈ