ਸਾਈਕਲ ''ਤੇ ਯੂ.ਏ.ਈ. ਪਹੁੰਚੇ ਦੋ ਭਾਰਤੀ, ਜਾਣਗੇ ਮੱਕਾ

05/24/2019 12:51:02 PM

ਆਬੂ ਧਾਬੀ (ਬਿਊਰੋ)— ਤਿੰਨ ਮਹੀਨੇ ਪਹਿਲਾਂ ਭਾਰਤ ਦੇ ਬੰਗਲੌਰ ਦੇ ਦੋ ਪੁਰਸ਼ਾਂ ਨੇ ਸਾਊਦੀ ਅਰਬ ਦੇ ਮੱਕਾ ਜਾਣ ਦਾ ਇਰਾਦਾ ਬਣਾਇਆ। ਦੋਹਾਂ ਨੇ ਸਾਈਕਲ ਜ਼ਰੀਏ 6 ਮਹੀਨੇ ਵਿਚ ਇਹ ਕੰਮ ਕਰਨ ਦੀ ਯੋਜਨਾ ਬਣਾਈ। ਦੋਵੇਂ ਭਾਰਤੀ 53 ਸਾਲਾ ਮੁਹੰਮਦ ਸਲੀਮ ਅਤੇ 42 ਸਾਲਾ ਰਿਜ਼ਵਾਨ ਅਹਿਮਦ ਖਾਨ ਯੂ.ਏ.ਈ. ਵਿਚ ਮੱਕਾ ਦੀ ਯਾਤਰਾ 'ਤੇ ਪਹੁੰਚੇ ਹਨ। ਦੋਹਾਂ ਨੇ ਯੂ.ਏ.ਈ. ਪਹੁੰਚਣ ਲਈ ਤਿੰਨ ਦੇਸ਼ਾਂ ਵਿਚ 3,800 ਕਿਲੋਮੀਟਰ ਦੀ ਦੂਰੀ ਤੈਅ ਕੀਤੀ। 

ਮਹੱਤਵਪੂਰਣ ਗੱਲ ਇਹ ਹੈ ਕਿ ਰਮਜ਼ਾਨ ਮਹੀਨਾ ਹੋਣ ਕਾਰਨ ਦੋਹਾਂ ਨੇ ਰੋਜ਼ਾ ਰੱਖਿਆ ਹੋਇਆ ਹੈ ਇਸ ਦੇ ਬਾਵਜੂਦ ਦੋਹਾਂ ਨੇ ਇਹ ਯਾਤਰਾ ਜਾਰੀ ਰੱਖੀ। ਦੋਹਾਂ ਲਈ ਇਹ ਯਾਤਰਾ ਆਸਾਨ ਨਹੀਂ ਰਹੀ। ਰੋਜ਼ਾ ਰੱਖਣ ਦੌਰਾਨ ਉਨ੍ਹਾਂ ਨੂੰ ਤੇਜ਼ ਧੁੱਪ ਵਿਚ ਚੱਲਣਾ ਪਿਆ। ਇਕ ਵਾਰ ਤਾਂ ਉਨ੍ਹਾਂ ਦੀਆਂ ਸਾਈਕਲਾਂ ਗੁੰਮ ਹੋ ਗਈਆਂ। ਸਲੀਮ ਨੇ ਦੱਸਿਆ,''ਸਾਡੀਆਂ ਸਾਈਕਲਾਂ ਬੰਡਾਰ ਅੱਬਾਸ ਤੋਂ ਯੂ.ਏ.ਈ. ਲਈ ਕਿਸ਼ਤੀ ਸਵਾਰੀ ਦੌਰਾਨ ਗੁੰਮ ਹੋ ਗਈਆਂ। ਉਦੋਂ ਮੈਂ ਥੋੜ੍ਹਾ ਨਿਰਾਸ਼ ਸੀ ਕਿਉਂਕਿ ਇਹ ਰੋਜ਼ੇ ਦਾ ਪਹਿਲਾ ਦਿਨ ਸੀ ਅਤੇ ਗਰਮੀ ਬਹੁਤ ਜ਼ਿਆਦਾ ਸੀ। ਪਰ ਸ਼ਾਰਜਾਹ ਬੰਦਰਗਾਰ ਦੇ ਲੋਕਾਂ ਨੇ ਸਾਡੀਆਂ ਸਾਈਕਲਾਂ ਲੱਭਣ ਵਿਚ ਮਦਦ ਕੀਤੀ।'' 

ਸਲੀਮ ਨੇ ਅੱਗੇ ਦੱਸਿਆ ਕਿ ਯਾਤਰਾ ਦੌਰਾਨ ਉਹ ਕਾਫੀ ਦਿਆਲੂ ਅਤੇ ਉਦਾਰ ਲੋਕਾਂ ਨਾਲ ਮਿਲੇ। ਉਸ ਨੇ ਦੱਸਿਆ,''ਯਾਤਰਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸੱਭਿਆਚਾਰਾਂ ਦਾ ਅਨੁਭਵ ਕੀਤਾ, ਵੱਖ-ਵੱਖ ਤਰ੍ਹਾਂ ਦਾ ਭੋਜਨ ਕੀਤਾ ਅਤੇ ਕਾਫੀ ਧਾਰਮਿਕ ਥਾਵਾਂ 'ਤੇ ਪ੍ਰਾਰਥਨਾ ਕੀਤੀ।''

ਜਾਣਕਾਰੀ ਮੁਤਾਬਕ ਦੋਹਾਂ ਨੇ ਉਕਤ ਯਾਤਰਾ ਦੌਰਾਨ ਭਾਰਤ ਤੋਂ ਪਾਕਿਸਤਾਨ ਹੁੰਦੇ ਹੋਏ ਇਰਾਕ, ਈਰਾਨ ਅਤੇ ਕੁਵੈਤ ਦੇ ਰਸਤੇ ਸਾਊਦੀ ਅਰਬ ਵੱਲ ਜਾਣਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਬਾਅਦ ਦੋਹਾਂ ਨੇ ਆਪਣਾ ਯਾਤਰਾ ਮਾਰਗ ਬਦਲ ਦਿੱਤਾ। ਫਿਰ ਉਹ ਓਮਾਨ, ਈਰਾਨ ਅਤੇ ਯੂ.ਏ.ਈ. ਵੱਲ ਨਿਕਲ ਗਏ। ਹੁਣ ਇਹ ਦੋਵੇਂ ਜੁਲਾਈ ਦੇ ਅਖੀਰ ਵਿਚ ਮੱਕਾ ਜਾਣਗੇ। ਗੌਰਤਲਬ ਹੈ ਕਿ ਭਾਰਤ ਤੋਂ ਖਾੜੀ ਦੇਸ਼ਾਂ ਦੀ ਸਾਈਕਲ ਯਾਤਰਾ ਕਾਫੀ ਮੁਸ਼ਕਿਲ ਹੈ। ਰਸਤੇ ਵਿਚ ਮੁਸ਼ਕਲ ਖੇਤਰ ਵੀ ਹਨ ਜਿੱਥੋਂ ਦੀ ਲੰਘਣਾ ਕਾਫੀ ਮੁਸ਼ਕਲ ਹੈ।

Vandana

This news is Content Editor Vandana