ਦੁਬਈ ''ਚ 150 ਦੇਸ਼ਾਂ ਦੇ 5000 ਲੋਕਾਂ ਨੇ ਬਣਾਇਆ ਫੁੱਲਾਂ ਨਾਲ ਕਾਰਪੇਟ

11/26/2019 11:01:59 AM

ਦੁਬਈ (ਬਿਊਰੋ): ਦੁਬਈ ਵਿਚ 150 ਦੇਸ਼ਾਂ ਦੇ 5000 ਲੋਕਾਂ ਨੇ ਇਕ ਲੱਖ ਵਰਗ ਫੁੱਟ ਵਿਚ 50 ਟਨ ਫੁੱਲਾਂ ਨਾਲ ਕਾਰਪੇਟ ਬਣਾਇਆ। ਆਯੋਜਨ ਦੇ ਜਨਰਲ ਕਨਵੀਨਰ ਅਨੂਪ ਦੇਵਨ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਕਾਰਪੇਟ ਬਣਾਉਣ ਲਈ ਭਾਰਤ, ਕੀਨੀਆ ਅਤੇ ਹੋਰ ਦੇਸ਼ਾਂ ਤੋਂ 22 ਤਰ੍ਹਾਂ ਦੇ ਫੁੱਲ ਦਰਾਮਦ ਕੀਤੇ ਗਏ ਸਨ, ਜਿਨ੍ਹਾਂ ਵਿਚ ਮੁੱਖ ਰੂਪ ਨਾਲ ਗੇਂਦਾ ਨਾਰੰਗੀ, ਪੀਲੇ ਅਤੇ ਕੁਝ ਕਿਸਮ ਦੇ ਸਫੇਦ ਫੁੱਲਾਂ ਦੀ ਵਰਤੋਂ ਕੀਤੀ ਗਈ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਇਟਲੀ ਦਾ ਤਿੰਨ ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਟਲੀ ਵਿਚ ਜੂਨ 2016 ਵਿਚ 42,849 ਵਰਗ ਫੁੱਟ ਅਤੇ 58 ਵਰਗ ਇੰਚ ਦੇ ਕਾਰਪੇਟ ਦੇ ਨਾਲ ਬਣਾਇਆ ਗਿਆ ਸੀ। 

ਕੁਦਰਤੀ ਫੁੱਲਾਂ ਨਾਲ ਬਣਿਆ ਕਾਰਪੇਟ ਫੁੱਟਬਾਲ ਦੇ ਦੋ ਮੈਦਾਨਾਂ ਦੇ ਬਰਾਬਰ ਹੈ। ਇਸ ਨੂੰ ਗਿਨੀਜ਼ ਬੁੱਕ ਵਿਚ ਦਰਜ ਕੀਤਾ ਗਿਆ। ਇਹ ਆਯੋਜਨ 'ਨੈਸ਼ਨਲ ਫੈਸਟੀਵਲ ਫੌਰ ਟੋਲਰੈਂਸ ਐਂਡ ਹਿਊਮਨ ਫ੍ਰੈਟਨਿਰਟੀ 2019' ਦਾ ਹਿੱਸਾ ਸੀ। ਇਸ ਆਯੋਜਨ ਦਾ ਉਦੇਸ਼ ਯੂ.ਏ.ਈ. ਵਿਚ ਸਹਿਣਸ਼ੀਲਤਾ ਅਤੇ ਮਨੁੱਖੀ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨਾ ਸੀ। ਸਹਿਣਸ਼ੀਲਤਾ ਮੰਤਰਾਲੇ ਦੇ ਡਾਇਰੈਕਟਰ ਜਨਰਲ ਅਫਰਾ ਅਲ ਸਾਬਰੀ ਨੇ ਪੁਸ਼ਟੀ ਕੀਤੀ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸਥਲ ਸ਼ੇਖ ਜਾਇਦ ਮਸਜਿਦ ਅਤੇ ਬੁਰਜ ਖਲੀਫਾ ਯੂ.ਏ.ਈ. ਦੀ ਵਿਰਾਸਤ ਦਾ ਸੰਦੇਸ਼ ਦਿੰਦੇ ਹਨ। ਇਸੇ ਵਿਰਾਸਤ ਲਈ ਦਫਤਰ ਨੇ ਫੁੱਲਾਂ ਦੇ ਕਾਲੀਨ ਲਈ ਇਕ ਵਿਸ਼ੇਸ਼ ਡਿਜ਼ਾਈਨ ਚੁਣਿਆ ਸੀ। 

ਆਪਣੇ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੀ ਨੁਮਾਇੰਦਗੀ ਵਾਲੇ ਰੰਗੀਨ ਪਹਿਰਾਵੇ ਪਹਿਨ ਕੇ ਯੂ.ਏ.ਈ. ਵਿਚ ਰਹਿਣ ਵਾਲੇ 100 ਤੋਂ ਵੱਧ ਕੌਮੀਅਤਾਂ ਅਤੇ ਭਾਈਚਾਰਿਆਂ ਦੇ ਹਜ਼ਾਰਾਂ ਪੁਰਸ਼, ਔਰਤਾਂ ਅਤੇ ਬੱਚੇ ਸ਼ਾਮ 5 ਵਜੇ ਦੇ ਕਰੀਬ ਆਯੋਜਕਾਂ ਵੱਲੋਂ ਨਿਸ਼ਚਿਤ ਕੀਤੇ ਗਏ ਖੇਤਰ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਫੁੱਲ ਸਜਾਉਣੇ ਸ਼ੁਰੂ ਕੀਤੇ। ਫੁੱਲ ਕਾਲੀਨ ਦਾ ਨਿਰਮਾਣ ਲੱਗਭਗ 100 ਪ੍ਰਬੰਧਕਾਂ ਦੀ ਇਕ ਵਿਸ਼ੇਸ਼ ਟੀਮ ਦੀ ਨਿਗਰਾਨੀ ਵਿਚ ਅਤੇ ਗਿਨੀਜ਼ ਵਰਲਡ ਰਿਕਾਰਡ ਦੀ ਇਕ ਕਮੇਟੀ ਦੀ ਮੌਜੂਦਗੀ ਵਿਚ ਕੀਤਾ ਗਿਆ। ਅੱਧੀ ਰਾਤ ਤੱਕ ਕਾਰਪੇਟ ਬਣਾਉਣ ਦਾ ਸਿਲਸਿਲਾ ਜਾਰੀ ਰਿਹਾ ਜਦਕਿ ਸਹਿਣਸ਼ੀਲਤਾ ਦੇ ਸਾਲ ਨੂੰ ਮਨਾਉਣ ਲਈ ਕਈ ਸੱਭਿਆਚਾਰਕ ਪ੍ਰਦਰਸ਼ਨ ਕੀਤੇ ਗਏ।

Vandana

This news is Content Editor Vandana