ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਬਾਬਾ ਸਾਹਿਬ ਜੀ ਦਾ 127ਵਾਂ ਜਨਮਦਿਨ ਮਨਾਇਆ ਗਿਆ

05/23/2018 3:21:17 PM

ਰੋਮ (ਕੈਂਥ)— ਇਟਲੀ ਦੇ ਵਿਚੈਂਸਾ ਜ਼ਿਲੇ ਦੇ ਸ਼ਹਿਰ ਮੌਨਤੇਕੀਓ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਭਾਰਤੀ ਸੰਵਿਧਾਨ ਦੇ ਪਿਤਾਮਾ ਤੇ ਦਲਿਤ ਸਮਾਜ ਦੇ ਮਸੀਹਾ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 127ਵਂੇ ਜਨਮ ਨੂੰ ਸਮਰਪਿਤ ਵਿਸ਼ੇਸ ਸਮਾਰੋਹ ਬਹੁਤ ਉਤਸ਼ਾਹਪੂਰਵਕ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਬਾਬਾ ਸਾਹਿਬ ਨੂੰ ਸਜਦਾ ਕਰਨ ਆਏ। ਸ਼੍ਰੀ ਅੰਮ੍ਰਿਤਬਾਣੀ ਦੇ ਆਰੰਭੇ ਆਖੰਡ ਜਾਪਾਂ ਦੇ ਭੋਗ ਉਪੰਰਤ ਇਸ ਪ੍ਰੋਗਰਾਮ ਦਾ ਆਗਾਜ ਕਰਦਿਆਂ ਸਟੇਜ ਸਕੱਤਰ ਕੁਲਵਿੰਦਰ ਬੱਬਲੂ ਹੁਰਾਂ ਬਾਬਾ ਸਾਹਿਬ ਜੀ ਦੇ ਸੰਘਰਸ਼ਮਈ ਜੀਵਨ ਦੀ ਮਿਸਾਲ ਦਿੰਦਿਆਂ ਸਭ ਹਾਜ਼ਰ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ 127ਵੇਂ ਜਨਮ ਦਿਨ ਦੀ ਵਧਾਈ ਦਿੱਤੀ।


ਸਮਾਰੋਹ ਦੀ ਸ਼ੁਰੂਆਤ ਛੋਟੀਆਂ ਬੱਚੀਆਂ ਰਿੱਤੂ ਅਤੇ ਮਾਨਸੀ ਨੇ ਧਾਰਮਿਕ ਸ਼ਬਦ ਨਾਲ ਕੀਤੀ। ਉਪੰਰਤ ਇਟਲੀ ਦੇ ਪ੍ਰਸਿੱਧ ਲੋਕ ਗਾਇਕ ਬੁਲੰਦ ਆਵਾਜ਼ ਦੇ ਧਨੀ ਮਨਜੀਤ ਸਾਲਾਪੁਰੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸਮਾਰੋਹ ਵਿਚ ਹਾਜ਼ਰੀ ਲੁਗਾਈ। ਭਾਰਤ ਤੋਂ ਇਸ ਸਮਾਰੋਹ ਲਈ ਉਚੇਚੇ ਤੌਰ 'ਤੇ ਆਏ ਮਿਸ਼ਨਰੀ ਗਾਇਕ ਜੀਵਨ ਸੋਹਲ ਨੇ ਆਪਣੀ ਦਮਦਾਰ ਆਵਾਜ਼ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ ਅਤੇ ਹਾਜ਼ਰੀਨ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ। ਬਾਬਾ ਸਾਹਿਬ ਜੀ ਦੇ 127ਵੇਂ ਜਨਮ ਦਿਨ ਸਮਾਰੋਹ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਜੀਵਨ ਸਮਰਪਿਤ ਕਰਨ ਵਾਲੇ ਸੰਤ ਸੁਰਿੰਦਰ ਦਾਸ ਬਾਵਾ ( ਸੰਚਾਲਕ ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਪਿੰਡ ਕਾਹਨਪੁਰ ਜਲੰਧਰ) ਹੁਰਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੀਆਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ਮਈ ਕੀਤੀਆਂ ਘਾਲਨਾਵਾਂ ਸਮੁੱਚੇ ਸਮਾਜ ਲਈ ਕਦੇ ਨਾ ਭੁੱਲਣ ਵਾਲੀ ਕਾਰਵਾਈ ਹੈ।
ਅੱਗੇ ਉਨ੍ਹਾਂ ਕਿਹਾ ਸਮੁੱਚੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਅਧੂਰੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਸਦਾ ਹੀ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਤਾਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਹਿਰ “ਬੇਗਮਪੁਰਾ ਸ਼ਹਿਰ' ਦੀ ਸਥਾਪਨਾ ਹੋ ਸਕਦੀ ਹੈ। ਸੰਤ ਸੁਰਿੰਦਰ ਦਾਸ ਨੇ ਰਵਿਦਾਸੀਆਂ ਧਰਮ ਦੀ ਚੜ੍ਹਦੀ ਕਲਾ ਲਈ ਧਰਮ ਦੇ ਪ੍ਰਚਾਰ ਅਤੇ ਪ੍ਰਸਾਰḔ'ਤੇ ਜ਼ੋਰ ਦਿੱਤਾ। ਇਸ ਮੌਕੇ ਜਸਵੀਰ ਬੱਬੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਬਾਬਾ ਸਾਹਿਬ ਦੀਆਂ ਸਮਾਜ ਲਈ ਕੀਤੀਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਸੰਤੋਖ ਚੌਧਰੀ, ਅਜ਼ਮੇਰ ਦਾਸ ਕਲੇਰ ਅਤੇ ਹੈਪੀ ਵਿਚੈਂਸਾਂ ਆਦਿ ਨੇ ਵੀ ਬਾਬਾ ਸਾਹਿਬ ਜੀ ਦੇ ਜੀਵਨੀ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਆਗੂ ਜਸਵੀਰ ਬੱਬੂ, ਰਾਣਾ ਰਾਮ ਕਟਾਰੀਆ, ਬੋਧ ਰਾਜ, ਗੁਰਮੀਤ ਸਿੰਘ, ਵਿਨੋਦਪਾਲ ਲੱਕੀ, ਹੁਸਨ ਲਾਲ, ਸੱਤਪਾਲ, ਹੇਮਰਾਜ ਅਤੇ ਪਰਮਜੀਤ ਤੇਜੇ ਆਦਿ ਮੈਂਬਰਾਂ ਵੱਲੋਂ ਸੰਤ ਸੁਰਿੰਦਰ ਦਾਸ ਬਾਵਾ, ਮਿਸ਼ਨਰੀ ਗਾਇਕ ਜੀਵਨ ਸੋਹਲ ਤੇ ਹੋਰ ਪ੍ਰਚਾਰਕਾਂ, ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਰੋਹ ਮੌਕੇ ਸਭ ਸੰਗਤਾਂ ਲਈ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ।