ਡਾ.ਅੰਬੇਡਕਰ ਜੀ ਦੇ ਸੁਪਨੇ ਸਾਕਾਰ ਕਰਨ ਲਈ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ -ਜਸਵਿੰਦਰ

05/25/2017 6:01:54 PM

ਲੰਡਨ (ਰਾਜਵੀਰ ਸਮਰਾ)— ਭਾਰਤੀ ਸੰਵਿਧਾਨ ਦੇ ਰਚਨਹਾਰੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੇ ਦਲਿਤ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੋ ਸੁਪਨੇ ਵੇਖੇ ਸਨ, ਨੂੰ ਸਾਕਾਰ ਕਰਨ ਲਈ ਅਜੇ ਬਹੁਤ ਮਿਹਨਤ ਦੀ ਲੋੜ ਹੈ| ਇਹ ਸ਼ਬਦ ਸ਼੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਨਿਗਾਹ ਨੇ ਬੈੱਡਫੋਰਡ ਵਿਖੇ ਡਾ.ਅੰਬੇਡਕਰ ਜੀ ਦੇ 126ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਖੇ। ਉਨ੍ਹਾਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਦੇਸ਼ ਦੀ ਔਰਤ ਜਾਤੀ ਤੋਂ ਇਲਾਵਾ ਉਨ੍ਹਾਂ ਦੇਸ਼ਾਂ ਦੇ ਹਰ ਧਰਮ ਦੇ ਹੱਕਾਂ, ਅਧਿਕਾਰਾਂ ਤੇ ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਧਿਆਨ 'ਚ ਰੱਖ ਕੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਹੈ, ਜਿਸ ਦੀ ਸੋਧ ਦੇ ਨਾਂ ਤੇ ਕੁਝ ਰਾਜਨੀਤਿਕ ਲੋਕ ਦਲਿਤ ਸਮਾਜ ਦੇ ਲੋਕਾਂ ਨੂੰ ਮਿਲ ਰਹੇ ਮੌਲਿਕ ਅਧਿਕਾਰਾਂ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਘੜਦੇ ਹਨ, ਜੋ ਬਹੁਤ ਹੀ ਘਟੀਆ ਪੱਧਰ ਦੀ ਰਾਜਨੀਤੀ ਮਨੀ ਜਾ ਸਕਦੀ ਹੈ। ਉਨ੍ਹਾਂ ਭਾਰਤ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਪ੍ਰੇਰਿਆ। ਉਕਤ ਸਮਾਗਮ ਮੌਕੇ ਬੈੱਡਫੋਰਡ ਸ਼ਹਿਰ ਦੇ ਐਮ.ਪੀ ਰਿਚਰਡ ਫਿਊਨਰ, ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੈਂਡੀਡੇਟ ਮੁਹੰਮਦ ਯਸੀਤ, ਉਚੇਚੇ ਤੌਰ 'ਤੇ ਪਹੁੰਚ ਕੇ ਉਨ੍ਹਾਂ ਡਾ. ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਉਨ੍ਹਾਂ ਨੂੰ ਭਾਰਤ ਦੇ ਦਲਿਤਾਂ ਦਾ ਨਹੀਂ ਸਗੋਂ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਦਾ ਮਸੀਹਾ ਦੱਸਿਆ।|ਸਮਾਗਮ ਮੌਕੇ ਪੰਜਾਬੀ ਲੋਕ ਗਾਇਕਾ ਬੀਬਾ ਰਾਜਿੰਦਰ ਬੈਂਸ ਨੇ ਡਾ. ਅੰਬੇਡਕਰ ਜੀ ਦੀ ਜੀਵਨੀ ਨਾਲ ਸਬੰਧਿਤ ਲੋਕ ਗੀਤ ਗਾ ਕੇ ਵਾਹ-ਵਾਹ ਖੱਟੀ|ਸਮਾਗਮ ਦੌਰਾਨ ਅਰੁਣ ਕੁਮਾਰ ਨੇ ਕਾਵਿ ਅੰਦਾਜ਼ 'ਚ ਮੰਚ ਸੰਚਾਲਨ ਦੇ ਫਰਜ਼ ਬਾਖੂਬੀ ਨਿਭਾਏ। ਇਸ ਮੌਕੇ ਅਮਰਨਾਥ ਦੜੋਚ, ਗੁਰਮੇਲ ਲੋਧੀ, ਚਮਨ ਲਾਲ ਬੈਂਸ, ਡਾ. ਸੁੱਚਾ ਸਿੰਘ ਮਹਿਮੀ, ਅਵਤਾਰ ਸਿੰਘ ਚੰਦ ਗੀਤਕਾਰ, ਤਰਸੇਮ ਸਿੰਘ ਕਲਿਆਣ, ਪ੍ਰਧਾਨ ਵਾਲਮੀਕਿ ਸਭ ਬੈੱਡਫੋਰਡ, ਚਮਨ ਲਾਲ, ਦੇਵ ਬੰਗੜ ਬਿੰਦਰ ਭਰੋਲੀ, ਬਜਿੰਦਰ ਸਿੰਘ, ਦਵਿੰਦਰ ਚੰਦਰ, ਹਰਬੰਸ ਵਿਰਦੀ, ਦੇਸ ਰਾਜ ਮਹਿਮੀ ਅਤੇ ਨਿਰਮਲ ਸੋਧੀ  ਆਦਿ ਹਾਜ਼ਰ ਸਨ, ਜਿਨ੍ਹਾਂ ਡਾ. ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਸੰਕਲਪ ਲਿਆ।