ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸੀ ਦਖ਼ਲਅੰਦਾਜੀ ਦੀ ਜਾਂਚ ''ਚ ਟਰੰਪ ਦੇ ਨਿੱਜੀ ਵਕੀਲ ਨੂੰ ਕੀਤਾ ਜਾਏਗਾ ਸੰਮਣ

06/01/2017 1:01:21 PM

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਵਕੀਲ ਮਾਈਕਲ ਕੋਹੇਨ ਨੂੰ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖ਼ਲਅੰਦਾਜੀ ਦੀ ਜਾਂਚ ਦੇ ਸੰਬੰਧ 'ਚ ਗਵਾਹੀ ਲਈ ਸੰਮਣ ਕੀਤਾ ਜਾਏਗਾ। ਇਸ ਮਾਮਲੇ 'ਚ ਜਾਂਚ ਕਰ ਰਹੀ ਸਦਨ ਦੀ ਖੁਫ਼ੀਆ ਕਮੇਟੀ ਨੇ ਇਹ ਐਲਾਨ ਕੀਤਾ ਹੈ। ਕਮੇਟੀ ਨੇ ਕਿਹਾ ਹੈ ਕਿ ਉਸ ਨੇ ਕੋਹੇਨ ਅਤੇ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਅਤੇ ਸੰਬੰਧਿਤ ਦਸਤਾਵੇਜ਼ ਮੁਹੱਈਆ ਕਰਾਉਣ ਲਈ ਸੰਮਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸ ਅਤੇ ਟਰੰਪ ਦੀ ਚੋਣ ਮੁਹਿੰਮ ਦੌਰਾਨ ਸੰਭਾਵਿਤ ਮਿਲੀਭੁਗਤ ਸੰਬੰਧੀ ਕਾਂਗਰਸ ਅਤੇ ਨਿਆ ਵਿਭਾਗ ਦੀ ਜਾਂਚ 'ਚ ਫਿਲਨ ਰਡਾਰ 'ਤੇ ਹਨ ਜਦਕਿ ਕੋਹੇਨ ਅਣ-ਪਛਾਤੇ ਕਾਰਨਾਂ ਕਰ ਕੇ ਹਾਲ ਹੀ 'ਚ ਜਾਂਚ ਦੇ ਘੇਰੇ 'ਚ ਆਏ ਹਨ। ਰੀਪਬਲਿਕਨ ਕਮੇਟੀ ਦੇ ਮੁਖੀ ਮਾਈਕ ਕੋਨਾਵੇ ਅਤੇ ਸੀਨੀਅਰ ਕਮਿਟੀ ਡੈਮੋਕ੍ਰੇਟ ਐਡਮ ਸ਼ਿਫ ਨੇ ਕਿਹਾ, ''2016 ਦੇ ਚੋਣ ਮੁਹਿੰਮ ਦੌਰਾਨ ਰੂਸ ਦੀ ਦਖ਼ਲਅੰਦਾਜੀ ਦੀ ਜਾਂਚ ਦੇ ਤੌਰ 'ਤੇ ਅਸੀਂ ਕਈ ਲੋਕਾਂ ਦੀ ਗਵਾਹੀ, ਨਿੱਜੀ ਦਸਤਾਵੇਜ ਅਤੇ ਕੰਮ-ਕਾਜ ਦੇ ਰਿਕਾਰਡ ਲਈ ਸੰਮਣ ਜਾਰੀ ਕੀਤੇ ਹਨ। ਕੋਹੇਨ ਕਈ ਸਾਲਾਂ ਤੋਂ ਰਾਸ਼ਟਰਪਤੀ ਦੇ ਨਿਊਯਾਰਕ ਆਧਾਰਿਤ ਰੀਅਲ ਅਸਟੇਟ ਅਤੇ ਮਨੋਰੰਜਨ ਕਾਰੋਬਾਰ ਲਈ ਮੁੱਖ ਵਕੀਲ ਰਹੇ ਹਨ। ਕੋਹੇਨ ਅਤੇ ਫਿਲਨ ਤੋਂ ਇਲਾਵਾ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ, ਸਾਬਕਾ ਮੁਹਿੰਮ ਚੇਅਰਮੈਨ ਪੌਲ ਮੈਨਾਫੋਰਟ, ਸਾਬਕਾ ਡਿਪਲੋਮੈਟ ਸਲਾਹਕਾਰ ਰੋਜਰ ਸਟੋਨ ਅਤੇ ਸਾਬਕਾ ਵਿਦੇਸ਼ ਨੀਤੀ ਸਲਾਹਕਾਰ ਕਾਰਟਰ ਪੇਜ ਆਦਿ ਤੋਂ ਵੀ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।