ਅਲੋਪ ਹੋਣ ਕੰਢੇ ਨਸਲਾਂ ਦਾ ਪਤਾ ਲਾਉਣ ਲਈ ਆਸਟ੍ਰੇਲੀਆ ''ਚ ਟ੍ਰੇਂਡ ਕੀਤੇ ਜਾ ਰਹੇ ਹਨ ਕੁੱਤੇ

12/07/2017 5:36:17 AM

ਸਿਡਨੀ - ਆਸਟ੍ਰੇਲੀਆਈ ਕੁੱਤਿਆਂ ਨੂੰ ਅਲੋਪ ਹੋਣ ਕੰਢੇ ਪਸ਼ੂਆਂ ਦੇ ਮਲ ਨੂੰ ਸੁੰਘਣ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ। ਇਹ ਯੋਜਨਾ ਕੁੱਤਿਆਂ ਦੀ ਖੋਜ ਪ੍ਰਣਾਲੀ ਦੀ ਮਦਦ ਨਾਲ ਅਲੋਪ ਹੋਣ ਦੇ ਖਤਰਿਆਂ ਦਾ ਸਾਹਮਣਾ ਕਰ ਰਹੀਆਂ ਨਸਲਾਂ ਬਾਰੇ ਬਿਹਤਰ ਸਮਝ ਹਾਸਲ ਕਰਨ ਲਈ ਬਣਾਈ ਗਈ ਹੈ। ਮੈਲਬੋਰਨ ਦੀ ਮੋਨਾਸ਼ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰ ਰਹੀ ਐਮਾ ਬੇਨੇਟ ਵਾਤਾਵਰਣ ਪ੍ਰਤੀ ਜਾਗਰੂਕ ਕੁੱਤਿਆਂ ਦੇ ਮਾਲਕਾਂ ਨਾਲ ਕੰਮ ਕਰ ਰਹੀ ਹੈ। ਇਹ ਮਾਲਕ ਆਪਣੇ ਪਾਲਤੂ ਕੁੱਤਿਆਂ ਨੂੰ ਵਿਕਟੋਰੀਆ ਸੂਬੇ ਦੇ ਜੰਗਲਾਤ ਖੇਤਰ ਵਿਚ ਅਲੋਪ ਹੋਣ ਕੰਢੇ 'ਟਾਈਗਰ ਕਵੋਲ' ਦੇ ਮਲ ਸਮੇਤ ਹੋਰ ਰਹਿੰਦ-ਖੂੰਹਦ ਦਾ ਪਤਾ ਲਾਉਣ ਦੇ ਕੰਮ ਵਿਚ ਜੁਟੇ ਹੋਏ ਹਨ। ਬੇਨੇਟ ਨੇ ਦੱਸਿਆ ਕਿ ਮਲ 'ਚ ਡੀ. ਐੱਨ. ਏ. ਹੁੰਦਾ ਹੈ। ਅਜਿਹੇ ਵਿਚ ਤੁਸੀਂ ਵੱਖ-ਵੱਖ ਜਾਨਵਰ ਦਾ ਪਤਾ ਲਾ ਸਕਦੇ ਹੋ।