ਕੋਰੋਨਾ ਨਾਲ ਜੰਗ ਲੜਣ ਵਾਲੇ ਡਾਕਟਰਾਂ ''ਤੇ ਵਰ੍ਹੀਆਂ ਡਾਂਗਾਂ, ਕੀਤਾ ਅੱਤਵਾਦੀਆਂ ਵਰਗਾ ਸਲੂਕ

04/06/2020 8:46:48 PM

ਇਸਲਾਮਾਬਾਦ (ਏਜੰਸੀ)- ਕੋਰੋਨਾ ਵਾਇਰਸ ਨਾਲ ਲੜਾਈ ਵਾਲੇ ਹੈਲਥ ਵਰਕਰਾਂ ਨਾਲ ਗੁਆਂਢੀ ਮੁਲਕ ਪਾਕਿਸਤਾਨ ਵਿਚ ਕੁੱਟਮਾਰ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਪਾਕਿਸਤਾਨ ਦੀ ਪੂਰੇ ਵਿਸ਼ਵ ਵਿਚ ਨਿਖੇਧੀ ਕੀਤੀ ਜਾ ਰਹੀ ਹੈ। ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਕੁੱਟਮਾਰ ਉਦੋਂ ਹੋਈ ਜਦੋਂ ਉਹ ਮੈਡੀਕਲ ਸਪਲਾਈ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਸਨ। ਦਰਅਸਲ ਕੋਰੋਨਾ ਨਾਲ ਜੰਗ ਵਿਚ ਇਹ ਫਰੰਟਲਾਈਨ ਵਾਰੀਅਰਸ ਹਨ ਅਤੇ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਉਹ ਖੁਦ ਕਿੰਨੇ ਖਤਰੇ ਵਿਚ ਹਨ ਇਸ ਬਾਰੇ ਅੰਦਾਜ਼ਾ ਲਗਾਉਣਾ ਵੀ ਔਖਾ ਹੈ। ਅਜਿਹੇ ਵਿਚ ਜ਼ਰੂਰੀ ਪ੍ਰਜੈਕਟਿਵ ਗੀਅਰ ਦੀ ਉਨ੍ਹਾਂ ਨੂੰ ਲੋੜ ਹੈ। ਇਸੇ ਦੀ ਕਮੀ ਦਾ ਮੁੱਦਾ ਚੁੱਕਦੇ ਹੋਏ ਕਵੇਟਾ ਵਿਚ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ।

ਡਾਕਟਰਾਂ ਨਾਲ ਅੱਤਵਾਦੀਆਂ ਜਿਹਾ ਸਲੂਕ
ਪਾਕਿਸਤਾਨ ਸਰਕਾਰ ਅੱਤਵਾਦੀਆਂ ਨੂੰ ਤਾਂ ਕਾਬੂ ਕਰਨ ਵਿਚ ਫੇਲ ਰਹੀ ਪਰ ਡਾਕਟਰਾਂ ਖਿਲਾਫ ਐਂਟੀ ਟੈਰਰ ਸਕਵਾਡ ਨੂੰ ਉਤਾਰਿਆ ਗਿਆ, ਜਿੱਥੇ ਅੱਤਵਾਦੀ ਰੋਕੂ ਯੂਨਿਟ ਦੇ ਮੈਂਬਰਾਂ ਦੇ ਹੱਥਾਂ ਵਿਚ ਡੰਡੇ ਸਨ ਅਤੇ ਉਹ ਡਾਕਟਰਾਂ ਨੂੰ ਬੇਰਹਿਮੀ ਨਾਲ ਕੁੱਟ ਰਹੇ ਸਨ।

ਇਸ ਹੱਥੋਪਾਈ 'ਚ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਰੱਖਿਆ ਖਿਆਲ
ਡਾਕਟਰਾਂ 'ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਅਧਿਕਾਰੀਆਂ ਵਲੋਂ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਅਤੇ ਡਾਕਟਰਾਂ ਨੂੰ ਇਕੱਠਿਆਂ ਨੂੰ ਲਿਆ ਗਿਆ ਹਿਰਾਸਤ ਵਿਚ ਤੇ ਗੱਡੀਆਂ 'ਚ ਤੁੰਨ-ਤੁੰਨ ਕੇ ਲੈ ਕੇ ਗਏ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੋਰੋਨਾ ਖਿਲਾਫ ਜੰਗ ਲੜਣ ਵਾਲੇ ਇਨ੍ਹਾਂ ਯੋਧਿਆਂ ਨੂੰ ਏ.ਟੀ.ਐਸ. ਦੇ ਅਧਿਕਾਰੀ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਕੁੱਲ 3289 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 257 ਲੋਕ ਅਜਿਹੇ ਹਨ ਜਿਹੜੇ ਠੀਕ ਹੋ ਚੁੱਕੇ ਹਨ। 

Sunny Mehra

This news is Content Editor Sunny Mehra