ਖ਼ੁਸ਼ਖ਼ਬਰੀ: ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਇਸ ਮਹੀਨੇ ਤੋਂ ਹੋਣਗੀਆਂ ਸ਼ੁਰੂ

06/16/2023 1:28:28 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸਿੰਘ ਸੈਣੀ, ਸੰਨੀ ਚਾਂਦਪੁਰੀ)- ਅੰਮ੍ਰਿਤਸਰ ਤੋਂ ਆਸਟ੍ਰੇਲੀਆ, ਕੁਆਲਾਲੰਪੁਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਵਿਚ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ ਹੈ। ਮਾਰਚ 2020 ਵਿੱਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਕਨਵਨੀਰ ਇੰਡੀਆ ਯੋਗੇਸ਼ ਕਾਮਰਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅਗਸਤ 2018 ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ, ਅੰਮ੍ਰਿਤਸਰ ਵਿਕਾਸ ਮੰਚ ਦੇ ਯਤਨਾਂ ਸਦਕਾ ਸ਼ੁਰੂ ਹੋਣ ਵਾਲੀ ਏਅਰ ਏਸ਼ੀਆ ਐਕਸ ਦੀ ਉਡਾਣ ਹੁਣ ਮੁੜ ਹਫ਼ਤੇ ਵਿੱਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ।

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆਂ ਹਵਾਈ ਉਡਾਣਾਂ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਨਾਲ ਮੁੜ ਜੋੜੇ ਜਾ ਰਹੇ ਹਨ, ਜਿਸਦੇ ਚਲਦਿਆਂ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ ਅਤੇ ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਵਿਚ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿੱਥੇ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋਂ ਵੱਧ ਸਫ਼ਰ ਕਰਦੇ ਹਨ। ਏਅਰਲਾਈਨ ਵਲੋਂ ਕੁਆਲਾਲੰਪੁਰ ਰਾਹੀਂ ਦੂਜੇ ਮੁਲਕਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਵਿਧਾਜਨਕ ਸੰਪਰਕ ਦੇਣ ਲਈ ਇਸ ਵਾਰ ਇਹਨਾਂ ਉਡਾਣਾਂ ਦਾ ਸੰਚਾਲਨ ਦੋ ਵੱਖ-ਵੱਖ ਸਮੇਂ 'ਤੇ ਕੀਤਾ ਜਾਵੇਗਾ। ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7:35 ਵਜੇ ਉਡਾਣ ਭਰ ਕੇ 11:00 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ਵਜੇ ਇੱਥੋਂ ਰਵਾਨਾ ਹੋ ਕੇ ਸ਼ਾਮ ਨੂੰ 8:55 ਵਜੇ ਵਾਪਸ ਕੁਆਲਾਲੰਪੁਰ ਪਹੁੰਚ ਜਾਵੇਗੀ। ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 'ਤੇ ਰਵਾਨਾ ਹੋ ਕੇ ਰਾਤ 11:50 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਅਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਨੂੰ 1:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ਵਜੇ ਮਲੇਸ਼ੀਆ ਪੁੱਜੇਗੀ।

ਏਅਰਲਾਈਨ ਵਲੋਂ ਇਸ ਲਈ ਆਪਣੇ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ 12 ਬਿਜਨੈੱਸ ਕਲਾਸ ਸੀਟਾਂ ਵੀ ਹੁੰਦੀਆਂ ਹਨ। ਕੁਆਲਾਲੰਪੁਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਅਦ ਯਾਤਰੀ ਮੈਲਬੌਰਨ, ਸਿਡਨੀ, ਪਰਥ, ਗੋਲਡ ਕੋਸਟ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ਼ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ। ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ਵਿੱਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵਲੋਂ ਹਫਤੇ ਵਿੱਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ। ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜ਼ਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ। ਇਨੀਸ਼ਿਏਟਿਵ ਆਗੂਆਂ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਸਟਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਏਅਰ ਏਸ਼ੀਆ ਦੀ ਅੰਮ੍ਰਿਤਸਰ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਸਾਨੂੰ ਲਗਾਤਾਰ ਸੁਨੇਹੇ ਆ ਰਹੇ ਸਨ। ਇਨੀਸ਼ਿਏਟਿਵ ਵਲੋਂ ਇਸ ਉਡਾਣ ਸੇਵਾ ਨੂੰ ਮੁੜ ਸ਼ੁਰੂ ਕਰਵਾਉਣ ਲਈ ਏਅਰ ਏਸ਼ੀਆ ਐਕਸ ਦੇ ਸੀਈਓ ਬੈਨ ਇਸਮਾਇਲ ਅਤੇ ਭਾਰਤ ਵਿੱਚ ਜਨਰਲ ਮੈਨੇਜਰ ਸੁਰੇਸ਼ ਨਾਇਰ ਨਾਲ ਨਿਰੰਤਰ ਅੰਕੜੇ ਅਤੇ ਹੋਰ ਜਾਣਕਾਰੀ ਸਮੇਤ ਸੰਪਰਕ ਕੀਤਾ ਜਾ ਰਿਹਾ ਸੀ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿੱਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।  

cherry

This news is Content Editor cherry