ਆਸਟ੍ਰੇਲੀਆ ਜੰਗਲੀ ਅੱਗ : ਇੰਝ ਬਚਾਏ ਗਏ 20 ਕਰੋੜ ਸਾਲ ਪੁਰਾਣੇ ''ਡਾਇਨਾਸੌਰ ਦਰੱਖਤ''

01/19/2020 11:00:39 AM

ਸਿਡਨੀ— ਆਸਟ੍ਰੇਲੀਆ 'ਚ ਅੱਗ ਨਾਲ ਵਾਤਾਵਰਣ ਅਤੇ ਜੈਵ ਵਿਭਿੰਨਤਾ ਨੂੰ ਹੋਏ ਭਾਰੀ ਨੁਕਸਾਨ ਵਿਚਕਾਰ ਇਕ ਚੰਗੀ ਖਬਰ ਹੈ। ਜਿੱਥੇ ਅੱਗ ਕਾਰਨ 50 ਲੱਖ ਏਕੜ 'ਚ ਫੈਲਿਆ ਜੰਗਲ ਸੜ ਗਿਆ, ਉੱਥੇ ਹੀ ਫਾਇਰ ਫਾਈਟਜ਼ ਨੇ 200 ਅਜਿਹੇ ਦਰੱਖਤਾਂ ਨੂੰ ਬਚਾਇਆ ਜਿਹੜੇ ਖਤਮ ਹੋਣ ਦੀ ਕਗਾਰ 'ਤੇ ਹਨ। ਵੋਲੇਮੀ ਪਾਈਨ ਜਾਤੀ ਵਾਲੇ ਇਨ੍ਹਾਂ ਦਰੱਖਤਾਂ ਨੂੰ ਸਥਾਨਕ ਲੋਕ 'ਡਾਇਨਾਸੌਰ ਟ੍ਰੀਜ਼' ਦੇ ਨਾਂ ਤੋਂ ਵੀ ਬੁਲਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਦਰੱਖਤ 20 ਕਰੋੜ ਸਾਲ ਪੁਰਾਣੇ ਹਨ। ਨੇੜਲੇ ਖੇਤਰਾਂ 'ਚ ਅੱਗ ਬੁਝਾਉਣ ਦੇ ਬਾਅਦ ਫਾਇਰ ਫਾਈਟਰਜ਼ ਨੇ ਇਨ੍ਹਾਂ ਦਰੱਖਤਾਂ ਨੂੰ ਬਹੁਤ ਸਮਝਦਾਰੀ ਤੇ ਬਹਾਦਰੀ ਨਾਲ ਬਚਾਇਆ।
ਨਿਊ ਸਾਊਥ ਵੇਲਜ਼ ਦੇ ਵਾਤਾਵਰਣ ਮੰਤਰੀ ਮੈਟ ਕੇਨ ਮੁਤਾਬਕ ਵੋਲੇਮੀ ਪਾਈਨਜ਼ ਦਰੱਖਤ ਦੁਨੀਆ ਦੇ ਸਿਰਫ ਬਲੂ ਮਾਊਂਟੇਨ ਦੇ ਜੰਗਲੀ ਇਲਾਕੇ 'ਚ ਹੀ ਪਾਏ ਜਾਂਦੇ ਹਨ, ਅਜਿਹੇ ਸਿਰਫ 200 ਦਰੱਖਤ ਹੀ ਬਚੇ ਹਨ।
ਫਾਇਰ ਫਾਈਟਰਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਅੱਗ ਇਨ੍ਹਾਂ ਦਰੱਖਤਾਂ ਨੂੰ ਖਤਮ ਕਰ ਦੇਵੇਗੀ। ਇਸ ਲਈ ਉਨ੍ਹਾਂ ਨੇ ਇਨ੍ਹਾਂ ਨੂੰ ਬਚਾਉਣ ਲਈ ਪਹਿਲਾਂ ਇਨ੍ਹਾਂ ਵੱਲ ਜਾ ਰਹੀ ਅੱਗ ਨੂੰ ਕਾਬੂ ਕੀਤਾ ਤੇ ਫਿਰ ਹੈਲੀਕਾਪਟਰ ਰਾਹੀਂ ਉਤਰ ਕੇ ਫਾਇਰ ਫਾਈਟਰਜ਼ ਨੇ ਇੱਥੇ ਜਨਰੇਟਰ ਨਾਲ ਚੱਲਣ ਵਾਲੀ ਸਿੰਚਾਈ ਪ੍ਰਣਾਲੀ ਚਾਲੂ ਕੀਤੀ, ਜਿਸ ਨਾਲ ਦਰੱਖਤਾਂ 'ਤੇ ਗਰਮੀ ਦਾ ਪ੍ਰਭਾਵ ਨਹੀਂ ਪਿਆ।
1994 'ਚ ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਕ ਦੇ ਰੇਂਜਰ ਡੇਵਿਡ ਨੋਬਲ ਨੇ ਇਨ੍ਹਾਂ ਨੂੰ ਲੱਭਿਆ ਸੀ ਅਤੇ ਇਨ੍ਹਾਂ ਦੇ ਬਚੇ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਪਹਿਲਾਂ ਇਨ੍ਹਾਂ ਦਰੱਖਤਾਂ ਦੇ ਸਿਰਫ ਜੈਵਿਕ ਹੀ ਦੇਖੇ ਗਏ ਸਨ। ਇਸ ਲਈ ਹੁਣ ਇਨ੍ਹਾਂ ਦਰੱਖਤਾਂ ਨੂੰ ਬਚਾਉਣਾ ਬਹੁਤ ਵੱਡੀ ਗੱਲ ਹੈ ਤੇ ਫਾਇਰ ਫਾਈਟਰਜ਼ ਇਸ ਕਾਰਨ ਕਾਫੀ ਖੁਸ਼ ਹਨ।