ਇੰਮੀਗ੍ਰੇਸ਼ਨ ਅਰਜ਼ੀਆਂ ਪ੍ਰਵਾਨ ਹੋਣ ਦੇ ਬਾਵਜੂਦ ਵੀ ਇਸ ਜੋੜੇ ਨੂੰ ਨਹੀਂ ਮਿਲੀ ਕੈਨੇਡਾ ''ਚ ਐਂਟਰੀ

11/18/2017 1:57:30 AM

ਟੋਰਾਂਟੋ—ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਅਰਜ਼ੀਆਂ ਪ੍ਰਵਾਨ ਕਰ ਲਏ ਜਾਣ ਦੇ ਬਾਵਜੂਦ ਅਡੌਲਫ਼ ਗੈਬਕੋ ਅਤੇ ਅੰਟਾਲ ਓਰਸਾਸ ਨਾਂ ਦੇ ਪੁਰਸ਼ ਅਤੇ ਮਹਿਲਾ ਨੂੰ ਕੈਨੇਡਾ 'ਚ ਦਾਖਲ ਨਾ ਹੋਣ ਦਿੱਤਾ। ਇਕ ਰਿਪੋਰਟ ਮੁਤਾਬਕ ਮਾਰਕੇਟਾ ਬਾਰਾਕੀ ਦੀ ਆਪਣੇ ਹੋਣ ਵਾਲੇ ਪਤੀ ਨਾਲ ਮੁਲਾਕਾਤ ਟੋਰਾਂਟੋ ਦੇ ਇਕ ਰੈਸਟੋਰੈਂਟ 'ਚ ਹੋਈ ਸੀ ਅਤੇ 2009 'ਚ ਦੋਹਾਂ ਵਿਚਾਲੇ ਮੁਲਾਕਾਤਾਂ ਵਧ ਗਈਆਂ। ਗੈਬਕੋ ਇਕ ਰਫ਼ਿਊਜੀ ਵਜੋਂ ਕੈਨੇਡਾ ਆਇਆ ਸੀ ਪਰ ਦਾਅਵਾ ਰੱਦ ਹੋਣ ਜਾਣ ਕਾਰਨ 2012 'ਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਮਾਰਕੇਟਾ ਵੱਲੋਂ ਗੈਬਕੋ ਨੂੰ ਵਿਆਹ ਦੇ ਆਧਾਰ 'ਤੇ ਸਪੌਂਸਰ ਕਰਨ ਦੀ ਅਰਜ਼ੀ ਦਾਇਰ ਕਰ ਦਿੱਤੀ ਗਈ ਸੀ। 2014 'ਚ ਇੰਮੀਗ੍ਰੇਸ਼ਨ ਵਿਭਾਗ ਨੇ ਅਰਜ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਗੈਬਕੋ ਦੀ ਕੈਨੇਡਾ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਤਿੰਨ ਸਾਲ ਤੱਕ ਬਾਰਾਕੀ ਅਤੇ ਗੈਬਕੋ ਵੀਆਨਾ ਸਥਿਤ ਕੈਨੇਡੀਅਨ ਵੀਜ਼ਾ ਕੇਂਦਰ ਦੇ ਗੇੜੇ ਮਾਰਦੇ ਰਹੇ ਪਰ ਕੈਨੇਡਾ ਵਾਪਸੀ ਦੇ ਦਸਤਾਵੇਜ਼ ਹਾਸਲ ਨਾ ਕਰ ਸਕੇ। ਫਿਰ ਇਕ ਫ਼ੈਡਰਲ ਅਦਾਲਤ ਨੇ ਵੀਜ਼ਾ ਕੇਂਦਰ ਨੂੰ ਅਰਜ਼ੀ ਮੁੜ ਵਿਚਾਰ ਕਰਨ ਲਈ ਆਖਿਆ। ਸਤੰਬਰ 'ਚ ਗੈਬਕੋ ਦੀ ਅਰਜ਼ੀ ਮੁੜ ਰੱਦ ਹੋ ਗਈ ਕਿਉਂਕਿ ਵੀਜ਼ਾ ਅਫ਼ਸਰਾਂ ਨੂੰ ਇਸ ਗੱਲ ਦਾ ਯਕੀਨ ਨਾ ਹੋਇਆ ਕਿ ਇਹ ਤਰਸ ਦੇ ਆਧਾਰ ਵਾਲਾ ਮਾਮਲਾ ਹੈ। ਨੀਦਰਲੈਂਡ ਦੇ ਇਕ ਰੈਸਟੋਰੈਂਟ 'ਚ ਸੈਫ ਵਜੋਂ ਕੰਮ ਕਰ ਰਹੇ ਗੈਬਕੋ ਨੇ ਕਿਹਾ ਕਿ ਇਜਾਜ਼ਤ ਨਾ ਮਿਲਣ ਦੀ ਖਬਰ ਵੱਡੇ ਝਟਕੇ ਵਾਲੀ ਸਾਬਤ ਹੋਈ। ਦੱਸਣਯੋਗ ਹੈ ਕਿ ਜੇ ਕਿਸੇ ਵਿਅਕਤੀ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ 'ਚ ਇੰਮੀਗ੍ਰੇਸ਼ਨ ਪ੍ਰਵਾਨ ਹੋ ਜਾਂਦੀ ਹੈ ਤਾਂ ਉਸ ਨੂੰ ਵਾਪਸੀ ਲਈ ਏ.ਆਰ.ਸੀ. ਦੀ ਜ਼ਰੂਰਤ ਪੈਂਦੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਬਾਰੇ ਫ਼ੈਸਲਾ ਲੈਣ ਦਾ ਹੱਕ ਵੀਜ਼ਾ ਅਫ਼ਸਰ ਕੋਲ ਹੁੰਦਾ ਹੈ ਪਰ ਫੈਸਲੇ ਨੂੰ ਬਦਲਿਆ ਜਾ ਸਕਦਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੂੰ ਹਰ ਸਾਲ 1300 ਅਰਜ਼ੀਆਂ ਮਿਲਦੀਆਂ ਹਨ ਜਿਨ੍ਹਾਂ 'ਚ ਕੈਨੇਡਾ ਵਾਪਸੀ ਲਈ ਏ.ਆਰ.ਸੀ. ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਅਰਜ਼ੀਆਂ ਦੇ ਪ੍ਰਵਾਨ ਹੋਣ ਦੀ ਦਰ 80 ਫੀਸਦੀ ਦੇ ਲਗਭਗ ਹੈ। ਗੈਬਕੋ ਦੇ ਮਾਮਲੇ ਵਾਂਗ ਅੰਟਾਲ ਓਰਸਾਸ ਨੂੰ ਮਾਰਚ 2014 'ਚ ਟੋਰਾਂਟੋ ਤੋਂ ਹੰਗਰੀ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਇਸੇ ਦਰਮਿਆਨ ਮਨੁੱਖਤਾ ਦੇ ਆਧਾਰ 'ਤੇ ਪੀ.ਆਰ. ਦੀ ਅਰਜ਼ੀ ਪ੍ਰਵਾਨ ਹੋ ਗਈ। ਇਸ ਸਾਲ ਜਨਵਰੀ 'ਚ ਪੀ.ਆਰ. ਅਰਜ਼ੀ ਪ੍ਰਵਾਨ ਹੋਣ ਮਗਰੋਂ ਉਸ ਦੇ ਵਾਪਸੀ ਦੇ ਦਸਤਾਵੇਜ਼ਾਂ ਵਾਸਤੇ ਅਰਜ਼ੀ ਦਾਇਰ ਕੀਤੀ ਪਰ ਗਰਮੀਆਂ 'ਚ ਰੱਦ ਹੋ ਗਈ। ਓਰਸਾਸ ਨੇ ਕਿਹਾ ਕਿ ਪੀ.ਆਰ. ਅਰਜ਼ੀ ਪ੍ਰਵਾਨ ਹੋਣ 'ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਪਰ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਇੰਮੀਗ੍ਰੇਸ਼ਨ ਵਕੀਲ ਰਿਚਰਡ ਵਜ਼ਾਨਾ ਨੇ ਕਿਹਾ ਕਿ ਵੀਜ਼ਾ ਅਫ਼ਸਰ ਆਪਣੇ ਮਰਜ਼ੀ ਦੀ ਦੁਰਵਰਤੋਂ ਕਰ ਰਹੇ ਹਨ। ਉਹ ਉਨ੍ਹਾਂ ਲੋਕਾਂ ਨੂੰ ਵਾਪਸੀ ਤੋਂ ਰੋਕ ਰਹੇ ਹਨ ਜੋ ਕੈਨੇਡੀਅਨ ਸਮਾਜ ਕਿਸੇ ਤਰ੍ਹਾਂ ਦੇ ਖਤਰਾ ਪੈਦਾ ਨਹੀਂ ਕਰਦੇ। ਇਹ ਬੇਹੱਦ ਹੈਰਾਨਕੁੰਨ ਸਥਿਤੀ ਹੈ। ਵੀਆਨਾ ਸਥਿਤ ਕੈਨੇਡੀਅਨ ਵੀਜ਼ਾ ਕੇਂਦਰ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਓਰਸਾਸ ਆਪਣੀ ਮਰਜ਼ੀ ਨਾਲ ਕੈਨੇਡਾ ਛੱਡ ਕੇ ਨਹੀਂ ਗਈ ਸੀ ਅਤੇ ਉਹ ਇਹ ਸਾਬਤ ਕਰਨ 'ਚ ਅਸਫਲ ਰਹੀ ਕਿ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਮਗਰੋਂ ਉਸ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲਾ ਨੇ ਓਰਸਾਸ ਅਤੇ ਗੈਬਕੋ 'ਚੋਂ ਕਿਸੇ ਵੀ ਮਾਮਲੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।