ਡੈਨਮਾਰਕ ਦੀ ਪੀ.ਐੱਮ. ਨੇ ਰਚਾਇਆ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ

07/16/2020 5:48:45 PM

ਕੋਪੇਨਹੇਗਨ (ਬਿਊਰੋ): ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫ੍ਰੈਡਰਿਕਸਨ ਨੇ ਆਖਿਰਕਾਰ ਵਿਆਹ ਕਰ ਲਿਆ। ਇਸ ਤੋਂ ਪਹਿਲਾਂ ਦੋ-ਤਿੰਨ ਵਾਰ ਉਹਨਾਂ ਨੇ ਵਿਆਹ ਦੀ ਯੋਜਨਾ ਬਣਾਈ ਸੀ ਪਰ ਹਰ ਵਾਰ ਕੋਈ ਨਾ ਕੋਈ ਮੁਸ਼ਕਲ ਆ ਜਾਂਦੀ ਸੀ। ਪੀ.ਐੱਮ. ਫ੍ਰੈਡਰਿਕਸਨ ਨੇ ਸੋਸ਼ਲ ਮੀਡੀਆ 'ਤੇ ਖੁਦ ਆਪਣੇ ਵਿਆਹ ਦੀ ਪੁਸ਼ਟੀ ਕੀਤੀ। ਹੁਣ ਦੁਨੀਆ ਭਰ ਵਿਚੋਂ ਉਹਨਾਂ ਨੂੰ ਸ਼ੁਭਕਾਮਨਾ ਸੰਦੇਸ਼ ਮਿਲ ਰਹੇ ਹਨ। ਭਾਵੇਂਕਿ ਕੋਰੋਨਾ ਮਹਾਮਾਰੀ ਦੇ ਕਾਰਨ ਵਿਆਹ ਸਮਾਰੋਹ ਜ਼ਿਆਦਾ ਵੱਡਾ ਨਹੀਂ ਸੀ।

ਡੇਨਿਸ਼ ਮੀਡੀਆ ਦੇ ਮੁਤਾਬਕ 42 ਸਾਲਾ ਫ੍ਰੈਡਰਿਕਸਨ ਨੇ ਫਿਲਮ ਨਿਰਮਾਤਾ ਅਤੇ ਫੋਟੋਗ੍ਰਾਫਰ ਬੋ ਟੇਂਗਬਰਗ (55) ਨਾਲ ਬੁੱਧਵਾਰ ਨੂੰ ਵਿਆਹ ਕੀਤਾ। ਇਹ ਵਿਆਹ ਸਮਾਰੋਹ ਬਿਲਕੁਲ ਗੁਪਤ ਰੱਖਿਆ ਗਿਆ। ਇਸ ਸਮਾਰੋਹ ਵਿਚ ਸਾਬਕਾ ਪੀ.ਐੱਮ. ਪੌਲ ਨੇਰਪ ਸਮੇਤ ਚੋਣਵੇਂ ਲੋਕ ਹੀ ਸ਼ਾਮਲ ਸਨ। ਉਹਨਾਂ ਨੇ ਵਿਆਹ ਦੀ ਤਸਵੀਰ ਫੇਸਬੁੱਕ 'ਤੇ ਪੋਸਟ ਕਰਦਿਆਂ ਸਿਰਫ ਇਕ ਸ਼ਬਦ ਲਿਖਿਆ 'ਜਾ'। ਪੀ.ਐੱਮ. ਫ੍ਰੈਡਰਿਕਸਨ ਦੇ ਵਿਆਹ ਮਗਰੋਂ ਡੈਨਮਾਰਕ ਅਤੇ ਦੁਨੀਆ ਦੀਆਂ ਕਈ ਹਸਤੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ।

ਬਾਰ-ਬਾਰ ਟਲਦਾ ਰਿਹਾ ਵਿਆਹ
ਫ੍ਰੈਡਰਿਕਸਨ ਨੇ 27 ਜੂਨ, 2019 ਨੂੰ ਡੈਨਮਾਰਕ ਦੀ ਪੀ.ਐੱਮ. ਦੇ ਰੂਪ ਵਿਚ ਅਹੁਦਾ ਸੰਭਾਲਿਆ ਸੀ। ਉਹ ਡੈਨਮਾਰਕ ਦੀ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਪੀ.ਐੱਮ ਹੈ। ਇਸ ਤੋਂ ਪਹਿਲਾਂ ਜੂਨ ਵਿਚ ਉਹਨਾਂ ਨੇ ਫੇਸਬੁੱਕ ਪੇਜ 'ਤੇ ਲਿਖਿਆ ਸੀ ਕਿ ਉਹ ਆਪਣਾ 18 ਜੁਲਾਈ ਦਾ ਵਿਆਹ ਟਾਲ ਰਹੀ ਹੈ ਕਿਉਂਕਿ ਉਹਨਾਂ ਨੂੰ ਕੋਵਿਡ-19 'ਤੇ ਯੂਰਪੀ ਯੂਨੀਅਨ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਜਾਣਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿਚ ਵੀ ਉਹਨਾਂ ਨੇ ਵਿਆਹ ਦੀ ਯੋਜਨਾ ਬਣਾਈ ਸੀ ਤਾਂ ਚੋਣਾਂ ਕਾਰਨ ਇਸ ਤਰੀਕ ਨੂੰ ਟਾਲ ਦਿੱਤਾ ਗਿਆ।

Vandana

This news is Content Editor Vandana