ਲੇਬਨਾਨ ਵਿਖੇ ਯੂ.ਐਸ.ਅੰਬੈਸੀ ਬਾਹਰ ਲੋਕਾਂ ਕੀਤਾ ਪ੍ਰਦਰਸ਼ਨ

12/10/2017 4:04:06 PM

ਬੇਰੂਤ (ਏਜੰਸੀ)- ਟਰੰਪ ਦੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਾਲੇ ਐਲਾਨ ਤੋਂ ਬਾਅਦ ਪੂਰੇ ਵਿਸ਼ਵ ਵਿਚ ਪ੍ਰਦਰਸ਼ਨ ਹੋ ਰਹੇ ਹਨ, ਇਥੇ ਯੂ.ਐਸ. ਅੰਬੈਸੀ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉਨ੍ਹਾਂ ’ਤੇ ਲੈਬਨੀਜ਼ ਸਕਿਓਰਿਟੀ ਫੋਰਸ ਵਲੋਂ ਹੰਝੂ ਗੈਸ ਨਾਲ ਅਤੇ ਪਾਣੀ ਦੀ ਬੌਛਾੜ ਕੀਤੀ ਗਈ। ਨਿਊਜ਼ ਰਿਪੋਰਟ ਮੁਤਾਬਕ ਰਾਜਧਾਨੀ ਬੇਰੂਤ ਵਿਖੇ ਯੂ.ਐਸ. ਅੰਬੈਸੀ ਦੇ ਬਾਹਰ 100 ਤੋਂ ਜ਼ਿਆਦਾ ਫਲਿਸਤੀਨੀ ਪ੍ਰਦਰਸ਼ਨਕਾਰੀਆਂ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਰਸਤਾ ਜਾਮ ਕੀਤਾ ਹੋਇਆ ਸੀ ਅਤੇ ਉਹ ਜ਼ਬਰਦਸਤੀ ਅੰਬੈਸੀ ਦਾ ਗੇਟ ਖੋਲ੍ਹ ਕੇ ਅੰਦਰ ਦਾਖਲ ਹੋਣਾ ਚਾਹੁੰਦੇ ਸਨ ਪਰ ਸਕਿਓਰਿਟੀ ਫੋਰਸ ਵਲੋਂ ਉਨ੍ਹਾਂ ’ਤੇ ਹੰਝੂ ਗੈਸ ਅਤੇ ਪਾਣੀ ਦੀਆਂ ਬੌਛਾੜਾਂ ਕਰਕੇ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਹਨ। ਸਕਿਓਰਿਟੀ ਫੋਰਸ ਵਲੋਂ ਇਸ ’ਤੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਵਲੋਂ ਫਲਿਸਤੀਨੀ ਅਤੇ ਲੈਬਨਾਨ ਦਾ ਝੰਡਾ ਲਹਿਰਾਇਆ ਜਾ ਰਿਹਾ ਸੀ, ਉਨ੍ਹਾਂ ਨੇ ਕਾਲੇ ਅਤੇ ਚਿੱਟੇ ਰੰਗ ਦੇ ਸਕਾਰਫ ਬੰਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਡੋਨਾਲਡ ਟਰੰਪ ਵਿਰੁੱਧ ਲਿਖੇ ਬੈਨਰ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਵੀ ਸਾੜਿਆ ਗਿਆ।  ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਵਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਦਾ ਵਿਸ਼ਵ ਪੱਧਰ ’ਤੇ ਵਿਰੋਧ ਕੀਤਾ ਜਾ ਰਿਹਾ ਹੈ।